ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿੱਚ ਨਗਰ ਨਿਗਮ ਚੋਣਾਂ ਲਈ ਚੱਲ ਰਹੀ ਚੋਣ ਮੁਹਿੰਮ ਦੌਰਾਨ ਨਫ਼ਰਤੀ ਸੰਦੇਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਘਰ ਦੇ ਦਰਵਾਜ਼ੇ ’ਤੇ ਪੰਜਾਬੀ ਅਤੇ ਮੁਸਲਿਮ ਭਾਈਚਾਰੇ ਵਿਰੁੱਧ ਸੰਦੇਸ਼ਾਂ ਵਾਲੇ ਪੋਸਟਰ ਤੇ ਸਟਿੱਕਰ ਲਾਏ ਗਏ, ਜਦਕਿ ਇਜ਼ਰਾਈਲ ਵਿਰੁੱਧ ਵੀ ਇਤਰਾਜ਼ਯੋਗ ਸ਼ਬਦ ਲਿਖੇ ਗਏ। ਇਸ ਘਟਨਾ ਨੇ ਸਥਾਨਕ ਸਿਆਸਤ ਅਤੇ ਪ੍ਰਵਾਸੀ ਪੰਜਾਬੀ ਭਾਈਚਾਰੇ ਵਿੱਚ ਚਰਚਾ ਛੇੜ ਦਿੱਤੀ ਹੈ। ਇਸ ਮਾਮਲੇ ਵਿੱਚ ਬਰੈਂਪਟਨ ਦੀ ਪਹਿਲੀ ਸਿੱਖ ਮਹਿਲਾ ਕੌਂਸਲਰ ਨਵਜੀਤ ਕੌਰ ਬਰਾੜ ਨੂੰ ਨਿਸ਼ਾਨਾ ਬਣਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ। ਉਹ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਮੁੜ ਚੋਣ ਮੈਦਾਨ ਵਿੱਚ ਉਤਰੀ ਹਨ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਤਸਵੀਰ ਵਿੱਚ ਘਰ ਦੇ ਕੱਚ ਵਾਲੇ ਦਰਵਾਜ਼ੇ ’ਤੇ ਕਈ ਵਿਵਾਦਤ ਪੋਸਟਰ ਦਿਖਾਈ ਦੇ ਰਹੇ ਹਨ। ਦਰਵਾਜ਼ੇ 'ਤੇ "ਨੋ ਪੰਜਾਬੀ" , "ਨੋ ਇਸਲਾਮ" ਵਾਲੇ ਨਫ਼ਰਤ ਭਰੇ ਸਟਿੱਕਰ ਅਤੇ ਪੋਸਟਰ ਚਿਪਕਾਏ ਹੋਏ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ’ਤੇ ਨਵਜੀਤ ਕੌਰ ਦੀ ਤਸਵੀਰ 'ਤੇ ਲਾਲ ਰੰਗ ਨਾਲ ਕਰਾਸ ਦਾ ਨਿਸ਼ਾਨ ਬਣਾਇਆ ਗਿਆ ਸੀ।
ਨਵਜੀਤ ਕੌਰ ਬਰਾੜ ਨੇ ਇਸ ਘਟਨਾ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਆਪਣੇ ਹੀ ਸਮਾਜ ਵਿੱਚ ਪੰਜਾਬੀਆਂ ਅਤੇ ਹੋਰ ਭਾਈਚਾਰਿਆਂ ਵਿਰੁੱਧ ਅਜਿਹੀ ਨਫ਼ਰਤ ਦੇਖਣਾ ਦੁਖਦਾਈ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਕੋਈ ਪੰਜਾਬੀ ਸਵੈਸੇਵਕ, ਡਾਕ ਕਰਮਚਾਰੀ ਜਾਂ ਸਾਮਾਨ ਪਹੁੰਚਾਉਣ ਵਾਲਾ ਵਿਅਕਤੀ ਅਜਿਹੇ ਦਰਵਾਜ਼ੇ ’ਤੇ ਜਾਵੇ, ਤਾਂ ਉਸ ਨੂੰ ਕਿਵੇਂ ਦਾ ਮਹਿਸੂਸ ਹੋਵੇਗਾ। ਉਨ੍ਹਾਂ ਮੁਤਾਬਕ, ਅਜਿਹੇ ਸੰਦੇਸ਼ ਕਿਸੇ ਵਿਅਕਤੀ ਨੂੰ ਇਹ ਅਹਿਸਾਸ ਕਰਵਾ ਸਕਦੇ ਹਨ ਕਿ ਉਸ ਦਾ ਉੱਥੇ ਸਵਾਗਤ ਨਹੀਂ ਹੈ। ਇਸ ਦੇ ਬਾਵਜੂਦ ਨਵਜੀਤ ਕੌਰ ਨੇ ਕਿਹਾ ਕਿ ਕੁਝ ਲੋਕ ਭਾਈਚਾਰਿਆਂ ਵਿਚਾਲੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਨਫ਼ਰਤ ਭਰੇ ਸੰਦੇਸ਼ ਬਰੈਂਪਟਨ ਦੀ ਪਛਾਣ ਨਹੀਂ ਬਣ ਸਕਦੇ। ਉਨ੍ਹਾਂ ਪੰਜਾਬੀਆਂ ਅਤੇ ਸ਼ਹਿਰ ਦੇ ਹੋਰ ਵਸਨੀਕਾਂ ਨੂੰ ਆਪਸੀ ਸਾਂਝ ਅਤੇ ਏਕਤਾ ਬਣਾਈ ਰੱਖਣ ਦਾ ਸੁਨੇਹਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਇੱਕ ਵਿਅਕਤੀ ਜਾਂ ਘਰ ਵੱਲੋਂ ਪ੍ਰਗਟ ਕੀਤੀ ਨਫ਼ਰਤ ਨਾਲ ਪੂਰੇ ਸ਼ਹਿਰ ਜਾਂ ਪੰਜਾਬੀ ਭਾਈਚਾਰੇ ਦੀ ਪਛਾਣ ਨੂੰ ਨਹੀਂ ਜੋੜਿਆ ਜਾਣਾ ਚਾਹੀਦਾ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਦਾ ਦਖ਼ਲ ਬਿਲਕੁੱਲ ਬਰਦਾਸ਼ਤ ਨਹੀਂ: ਭੜਕੀ ਕੈਨੇਡੀਅਨ MP, ਜਾਣੋ ਪੂਰਾ ਮਾਮਲਾ
ਘਟਨਾ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਦੇ ਕਈ ਸਿਆਸੀ ਆਗੂਆਂ ਨੇ ਵੀ ਨਵਜੀਤ ਕੌਰ ਬਰਾੜ ਦੇ ਹੱਕ ਵਿੱਚ ਆਵਾਜ਼ ਉਠਾਈ। ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਵਾਪਰੀ ਇਸ ਘਟਨਾ ਦੇ ਬਾਵਜੂਦ ਉਨ੍ਹਾਂ ਵੱਲੋਂ ਦਿੱਤਾ ਗਿਆ ਜਵਾਬ ਮਜ਼ਬੂਤ ਸੀ। ਉਨ੍ਹਾਂ ਬਰੈਂਪਟਨ ਅਤੇ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਨਵਜੀਤ ਕੌਰ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਗ੍ਰਾਹਮ ਮੈਕਗ੍ਰੇਗਰ ਨੇ ਪੰਜਾਬੀਆਂ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਵਿਰੁੱਧ ਨਫ਼ਰਤ ਨੂੰ ਨਿੰਦਣਯੋਗ ਦੱਸਿਆ। ਸਿਟੀ ਕੌਂਸਲਰ ਮਾਰਟਿਨ ਮੇਡੀਰੋਸ ਨੇ ਵੀ ਕਿਹਾ ਕਿ ਬਰੈਂਪਟਨ ਵਿੱਚ ਪੰਜਾਬੀ ਭਾਈਚਾਰੇ ਜਾਂ ਹੋਰ ਵਸਨੀਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਵਾਸੀ ਪੰਜਾਬੀਆਂ ਅਤੇ ਸਥਾਨਕ ਲੋਕਾਂ ਨੇ ਵੀ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਕਈ ਲੋਕਾਂ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣਾ ਠੀਕ ਨਹੀਂ। ਉਨ੍ਹਾਂ ਨੇ ਲੋਕਾਂ ਨੂੰ ਆਪਸੀ ਸਤਿਕਾਰ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ। ਹਾਲਾਂਕਿ ਇਸ ਮਾਮਲੇ ’ਤੇ ਸੋਸ਼ਲ ਮੀਡੀਆ ’ਤੇ ਵੱਖ-ਵੱਖ ਵਿਚਾਰ ਵੀ ਸਾਹਮਣੇ ਆਏ। ਕੁਝ ਲੋਕਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਵੋਟਰ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੀ ਹਮਾਇਤ ਕਰਨ ਜਾਂ ਨਾ ਕਰਨ ਦਾ ਹੱਕ ਹੈ, ਜਦਕਿ ਹੋਰਾਂ ਨੇ ਕਿਸੇ ਖ਼ਾਸ ਨਸਲੀ ਜਾਂ ਧਾਰਮਿਕ ਭਾਈਚਾਰੇ ਨਾਲ ਸਬੰਧਤ ਆਗੂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਉਣ ਨੂੰ ਵਿਤਕਰੇ ਨਾਲ ਜੋੜਿਆ। ਫਿਲਹਾਲ ਇਹ ਘਟਨਾ ਚੋਣ ਪ੍ਰਚਾਰ ਦੌਰਾਨ ਭਾਈਚਾਰਕ ਸਾਂਝ, ਸਹਿਣਸ਼ੀਲਤਾ ਅਤੇ ਨਫ਼ਰਤ ਭਰੇ ਸੰਦੇਸ਼ਾਂ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਪਾਲ 'ਚ ਆਇਆ 4.2 ਤੀਬਰਤਾ ਦਾ ਭੂਚਾਲ
NEXT STORY