ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਰੋਮਾਨੀਆ ਤੋਂ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਵਾਲਾ ਹਰ ਕੋਈ ਹੈਰਾਨ ਰਹਿ ਗਿਆ ਹੈ। ਇਹ ਵੀਡੀਓ ਇਕ ਸੜਕ ਹਾਦਸੇ ਦੀ ਹੈ, ਜਿਸ 'ਚ ਸੜਕ 'ਤੇ ਜਾਂਦੀ ਇਕ ਤੇਜ਼ ਰਫ਼ਤਾਰ ਕਾਰ ਅਚਾਨਕ ਉੱਡਣ ਲੱਗ ਗਈ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਗਨਿਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜਾਣਕਾਰੀ ਅਨੁਸਾਰ ਉਕਤ ਹਾਦਸਾ ਰੋਮਾਨੀਆ ਦੇ ਓਰਾਡੀਆ ਸ਼ਹਿਰ ਵਿੱਚ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਹਵਾ ਵਿੱਚ ਉੱਡ ਗਈ। ਹਾਦਸਾ ਉਦੋਂ ਵਾਪਰਿਆ ਜਦੋਂ 55 ਸਾਲਾ ਡਰਾਈਵਰ ਨੇ ਕਾਰ ਤੋਂ ਕੰਟਰੋਲ ਗੁਆ ਦਿੱਤਾ, ਜਿਸ ਦਾ ਕਾਰਨ ਅਚਾਨਕ ਆਈ ਮੈਡੀਕਲ ਐਮਰਜੈਂਸੀ ਦੱਸਿਆ ਜਾ ਰਿਹਾ ਹੈ। ਤੇਜ਼ ਰਫ਼ਤਾਰ ਮਰਸੀਡੀਜ਼ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਈ ਮੀਟਰ ਉੱਪਰ ਉੱਛਲ ਗਈ।
ਇਸ ਦੌਰਾਨ ਕਾਰ ਸੜਕ 'ਤੇ ਆ ਰਹੀਆਂ ਦੋ ਟੈਕਸੀਆਂ ਦੇ ਉੱਪਰੋਂ ਦੀ ਲੰਘ ਕੇ ਸੜਕ ਦੀ ਦੂਜੀ ਸਾਈਡ 'ਤੇ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ ਕਾਰ ਚਾਲਕ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਾਲਾਂਕਿ ਕੁਝ ਰਿਪੋਰਟਾਂ ਅਨੁਸਾਰ ਡਰਾਈਵਰ ਨੂੰ ਸਿਰਫ ਹਲਕੀਆਂ ਸੱਟਾਂ ਆਈਆਂ ਸਨ ਅਤੇ ਉਸ ਨੇ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਹਾਦਸੇ ਦੀ ਵੀਡੀਓ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ, ਜੋ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਘਟਨਾ ਨੂੰ ਵੇਖਣ ਵਾਲੇ ਲੋਕ ਇਸ ਨੂੰ ਇੱਕ 'ਚਮਤਕਾਰ' ਦੱਸ ਰਹੇ ਹਨ। ਪੁਲਸ ਟੀਮਾਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
B'Day ਪਾਰਟੀ 'ਚ ਲੱਗ ਗਈ ਅੱਗ ! 10 ਵਿਦਿਆਰਥੀਆਂ ਦੀ ਹੋਈ ਭਿਆਨਕ ਮੌਤ, ਪੇਰੂ 'ਚ ਮਚਿਆ ਚੀਕ-ਚਿਹਾੜਾ
NEXT STORY