ਸਿਧਾਰਥਨਗਰ- ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ ਤੋਂ ਧੋਖਾਧੜੀ ਦਾ ਇਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਸਕੂਲ 'ਚ ਪੜ੍ਹਾਉਣ ਵਾਲੇ ਅਧਿਆਪਕ ਨੂੰ ਜੀ.ਐੱਸ.ਟੀ. (GST) ਵਿਭਾਗ ਨੇ ਲਗਭਗ 2 ਕਰੋੜ ਰੁਪਏ ਟੈਕਸ ਜਮ੍ਹਾਂ ਕਰਾਉਣ ਦਾ ਨੋਟਿਸ ਭੇਜ ਦਿੱਤਾ ਹੈ। ਇੰਨੀ ਵੱਡੀ ਰਕਮ ਦਾ ਨੋਟਿਸ ਦੇਖ ਕੇ ਅਧਿਆਪਕ ਦੇ ਹੋਸ਼ ਉੱਡ ਗਏ ਹਨ। ਡੁਮਰੀਆਗੰਜ ਤਹਿਸੀਲ ਦੇ ਪਿੰਡ ਭਰਵਠੀਆ ਮੁਸਤਕਹਮ ਦੇ ਰਹਿਣ ਵਾਲੇ ਓਮ ਪ੍ਰਕਾਸ਼ ਵਰਮਾ ਇਕ ਪ੍ਰਾਈਵੇਟ ਅਧਿਆਪਕ ਹਨ ਅਤੇ ਮਹੀਨੇ ਦੇ ਸਿਰਫ਼ 6 ਤੋਂ 7 ਹਜ਼ਾਰ ਰੁਪਏ ਕਮਾਉਂਦੇ ਹਨ। 10 ਫਰਵਰੀ ਨੂੰ ਉਨ੍ਹਾਂ ਦੇ ਘਰ ਡਾਕ ਰਾਹੀਂ ਇਕ ਸਰਕਾਰੀ ਨੋਟਿਸ ਪਹੁੰਚਿਆ, ਜਿਸ 'ਚ ਉਨ੍ਹਾਂ ਨੂੰ 1,99,42,313 ਰੁਪਏ ਦਾ ਬਕਾਇਆ ਟੈਕਸ ਚੁਕਾਉਣ ਦਾ ਹੁਕਮ ਦਿੱਤਾ ਗਿਆ ਸੀ। ਜਦੋਂ ਪੀੜਤ ਨੇ ਸੇਲ ਟੈਕਸ ਵਿਭਾਗ ਅਤੇ ਪੁਲਸ ਨਾਲ ਸੰਪਰਕ ਕੀਤਾ ਤਾਂ ਇਕ ਵੱਡੀ ਸਾਜ਼ਿਸ਼ ਦਾ ਖੁਲਾਸਾ ਹੋਇਆ।
ਜਾਂਚ 'ਚ ਪਤਾ ਲੱਗਾ ਕਿ ਕਿਸੇ ਜਾਲਸਾਜ਼ ਨੇ ਓਮ ਪ੍ਰਕਾਸ਼ ਦੇ ਪੈਨ ਕਾਰਡ (PAN Card) ਦੀ ਗਲਤ ਵਰਤੋਂ ਕਰਕੇ ਉਸ ਦੇ ਨਾਮ 'ਤੇ 2 ਵੱਖ-ਵੱਖ ਫਰਮਾਂ ਰਜਿਸਟਰਡ ਕਰਵਾਈਆਂ ਹੋਈਆਂ ਸਨ। ਓਮ ਟ੍ਰੇਡਰਜ਼ ਕੰਪਨੀ ਨਵੀਂ ਦਿੱਲੀ 'ਚ ਰਜਿਸਟਰਡ ਹੈ। ਵਰਮਾ ਇੰਟਰਪ੍ਰਾਈਜ਼ਿਜ਼ ਕੰਪਨੀ ਯੂ.ਪੀ. ਦੇ ਫਰੂਖਾਬਾਦ 'ਚ ਰਜਿਸਟਰਡ ਹੈ। ਦਸਤਾਵੇਜ਼ਾਂ ਅਨੁਸਾਰ, ਦਿੱਲੀ ਸਥਿਤ 'ਓਮ ਟ੍ਰੇਡਰਜ਼' ਨੇ ਪਿਛਲੇ ਸਾਲ 11 ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਕੀਤਾ ਸੀ। ਇਸ ਕਾਰੋਬਾਰ ਦਾ ਜੀ.ਐੱਸ.ਟੀ. ਨਾ ਭਰਨ ਕਾਰਨ ਵਿਭਾਗ ਨੇ ਅਸਲੀ ਪੈਨ ਕਾਰਡ ਧਾਰਕ ਓਮ ਪ੍ਰਕਾਸ਼ ਨੂੰ ਨੋਟਿਸ ਜਾਰੀ ਕਰ ਦਿੱਤਾ। ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਉਹ ਇਕ ਗਰੀਬ ਆਦਮੀ ਹੈ ਅਤੇ ਉਸ ਨੇ ਇੰਨੀ ਵੱਡੀ ਰਕਮ ਕਦੇ ਸੁਪਨੇ 'ਚ ਵੀ ਨਹੀਂ ਦੇਖੀ। ਉਸ ਨੇ ਦੱਸਿਆ ਕਿ ਉਸ ਨੂੰ ਪਤਾ ਵੀ ਨਹੀਂ ਲੱਗਾ ਕਿ ਕਦੋਂ ਉਸ ਦੇ ਦਸਤਾਵੇਜ਼ਾਂ ਦੀ ਚੋਰੀ-ਛਿਪੇ ਵਰਤੋਂ ਕਰ ਲਈ ਗਈ। ਪੀੜਤ ਨੇ ਡੁਮਰੀਆਗੰਜ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਟੈਕਸ ਕਮਿਸ਼ਨਰ ਦੇ ਦਫ਼ਤਰ 'ਚ ਵੀ ਇਨਸਾਫ਼ ਦੀ ਗੁਹਾਰ ਲਗਾਈ ਹੈ। ਫਿਲਹਾਲ ਪੁਲਸ ਅਤੇ ਸਬੰਧਤ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਇਸ ਫਰਜ਼ੀਵਾੜੇ ਦੇ ਪਿੱਛੇ ਕਿਹੜਾ ਗਿਰੋਹ ਕੰਮ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਸਪੋਰਟ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ ਫ਼ੈਸਲਾ! ਜਾਰੀ ਕੀਤੇ ਨਵੇਂ ਹੁਕਮ
NEXT STORY