ਕੀਵ – ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਨੂੰ ਖਤਮ ਕਰਨ ਲਈ ਸ਼ਾਂਤੀ ਵਾਰਤਾ ਚੱਲ ਰਹੀ ਹੈ ਪਰ ਇਸ ਦੌਰਾਨ ਰੂਸ ਨੇ ਯੂਕ੍ਰੇਨ ’ਤੇ ਮਿਜ਼ਾਈਲ ਅਤੇ ਡਰੋਨ ਹਮਲੇ ਤੇਜ਼ ਕਰ ਦਿੱਤੇ ਹਨ। ਮੰਗਲਵਾਰ ਨੂੰ ਰੂਸ ਨੇ ਯੂਕ੍ਰੇਨ ’ਤੇ ਵੱਡੇ ਪੱਧਰ ’ਤੇ ਹਮਲੇ ਕੀਤੇ, ਜਿਨ੍ਹਾਂ ਵਿਚ ਘੱਟੋ-ਘੱਟ 6 ਲੋਕ ਮਾਰੇ ਗਏ।
ਜਾਣਕਾਰੀ ਅਨੁਸਾਰ ਰੂਸੀ ਹਮਲੇ ਤੋਂ ਬਾਅਦ ਕੀਵ ਵਿਚ ਬਿਜਲੀ ਤੇ ਪਾਣੀ ਦੀ ਸਪਲਾਈ ਵੱਡੇ ਪੱਧਰ ’ਤੇ ਠੱਪ ਹੋ ਗਈ ਹੈ। ‘ਟੈਲੀਗ੍ਰਾਮ’ ’ਤੇ ਵਾਇਰਲ ਇਕ ਵੀਡੀਓ ਵਿਚ ਕੀਵ ਦੇ ਦਿਨੀਪ੍ਰੋਵਸਕੀ ਜ਼ਿਲੇ ਵਿਚ ਇਕ 9 ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗੀ ਨਜ਼ਰ ਆ ਰਹੀ ਹੈ। ਕੀਵ ਦੇ ਮੇਅਰ ਵਿਟਾਲੀ ਕਲਿਤਸਕੋ ਨੇ ਦੱਸਿਆ ਕਿ ਦਿਨੀਪ੍ਰੋਵਸਕੀ ਜ਼ਿਲੇ ਵਿਚ 2 ਲੋਕ ਮਾਰੇ ਗਏ ਅਤੇ 5 ਜ਼ਖਮੀ ਹੋ ਗਏ, ਜਦੋਂ ਕਿ ਕੇਂਦਰੀ ਪੇਚੇਰਸਕ ਜ਼ਿਲੇ ਵਿਚ ਇਕ ਹੋਰ ਰਿਹਾਇਸ਼ੀ ਇਮਾਰਤ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।
ਕੀਵ ਸ਼ਹਿਰ ਪ੍ਰਸ਼ਾਸਨ ਦੇ ਮੁਖੀ ਤਿਮੋਰ ਤਕਾਚੇਂਕੋ ਦੇ ਅਨੁਸਾਰ ਹਮਲਿਆਂ ਦੀ ਦੂਜੀ ਲਹਿਰ ’ਚ ਪੱਛਮੀ ਸਿਵਆਟੋਸ਼ਿੰਸਕੀ ਜ਼ਿਲੇ ਵਿਚ ਇਕ ਗੈਰ-ਰਿਹਾਇਸ਼ੀ ਇਮਾਰਤ ’ਤੇ ਹਮਲਾ ਹੋਇਆ, ਜਿਸ ਵਿਚ 4 ਲੋਕ ਮਾਰੇ ਗਏ ਅਤੇ 3 ਜ਼ਖਮੀ ਹੋ ਗਏ। ਯੂਕ੍ਰੇਨ ਦੇ ਊਰਜਾ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਊਰਜਾ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਹਾਲਾਂਕਿ ਨੁਕਸਾਨ ਦੇ ਪੂਰੇ ਵੇਰਵੇ ਤੁਰੰਤ ਉਪਲਬਧ ਨਹੀਂ ਸਨ। ਰੂਸੀ ਹਮਲਿਆਂ ’ਚ ਓਡੇਸਾ ਇਲਾਕੇ ਵਿਚ ਬੰਦਰਗਾਹ ਅਤੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿਚ 2 ਬੱਚਿਆਂ ਸਮੇਤ 6 ਲੋਕ ਜ਼ਖਮੀ ਹੋ ਗਏ।
ਰੂਸ ਵਿਚ ਯੂਕ੍ਰੇਨੀ ਡਰੋਨ ਹਮਲਿਆਂ ’ਚ 3 ਲੋਕ ਮਾਰੇ ਗਏ
ਦੂਜੇ ਪਾਸੇ ਰੂਸ ਦੇ ਦੱਖਣੀ ਰੋਸਤੋਵ ਇਲਾਕੇ ਦੇ ਟੈਗਾਨਰੋਗ ਸ਼ਹਿਰ ਵਿਚ ਰਾਤ ਭਰ ਹੋਏ ਯੂਕ੍ਰੇਨੀ ਡਰੋਨ ਹਮਲਿਆਂ ’ਚ 3 ਲੋਕ ਮਾਰੇ ਗਏ ਅਤੇ 8 ਜ਼ਖਮੀ ਹੋ ਗਏ। ਰੋਸਤੋਵ ਦੇ ਗਵਰਨਰ ਯੂਰੀ ਸਲਿਊਸਰ ਨੇ ਦੱਸਿਆ ਕਿ ਹਮਲਿਆਂ ਕਾਰਨ ਨਿੱਜੀ ਘਰਾਂ, ਬਹੁ-ਮੰਜ਼ਿਲਾ ਇਮਾਰਤਾਂ, ਇਕ ਗੋਦਾਮ, ਇਕ ਪੇਂਟ ਦੀ ਦੁਕਾਨ ਅਤੇ ਕੁਝ ਸਮਾਜਿਕ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉੱਥੇ ਹੀ ਰੂਸੀ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਮੰਗਲਵਾਰ ਰਾਤ ਤੋਂ ਸਵੇਰ ਤੱਕ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਰੂਸ ਦੇ ਵੱਖ-ਵੱਖ ਇਲਾਕਿਆਂ ਅਤੇ ਕਬਜ਼ੇ ਵਾਲੇ ਕ੍ਰੀਮੀਆ ’ਚ ਕੁੱਲ 249 ਯੂਕ੍ਰੇਨੀ ਡਰੋਨਾਂ ਨੂੰ ਡੇਗ ਦਿੱਤਾ, ਜਿਨ੍ਹਾਂ ਵਿਚੋਂ 116 ਕਾਲੇ ਸਾਗਰ ’ਤੇ ਤਬਾਹ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਇਹ ਤਾਜ਼ਾ ਹਮਲੇ ਐਤਵਾਰ ਨੂੰ ਜੇਨੇਵਾ ਵਿਚ ਰੂਸੀ ਅਤੇ ਯੂਕ੍ਰੇਨੀ ਪ੍ਰਤੀਨਿਧੀਆਂ ਵਿਚਕਾਰ ਅਮਰੀਕਾ ਦੀ ਵਿਚੋਲਗੀ ਵਾਲੀ ਸ਼ਾਂਤੀ ਵਾਰਤਾ ਤੋਂ ਦੋ ਦਿਨ ਬਾਅਦ ਹੋਏ ਹਨ।
ਗਾਇਕ ਪੱਪੀ ਭਦੌੜ ਤੇ ਗਾਇਕਾ ਦਿਲਪ੍ਰੀਤ ਵਿਆਹ ਬੰਧਨ 'ਚ ਬੱਝੇ
NEXT STORY