ਇੰਟਰਨੈਸ਼ਨਲ ਡੈਸਕ- ਉੱਤਰੀ ਅਟਲਾਂਟਿਕ ਸਮੁੰਦਰ ਵਿੱਚ ਵੇਨੇਜ਼ੂਏਲਾ ਤੋਂ ਆ ਰਹੇ ਰੂਸੀ ਤੇਲ ਟੈਂਕਰ ‘ਮਰੀਨੇਰਾ’ ‘ਤੇ ਅਮਰੀਕੀ ਫੌਜ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਰੂਸ ਅਤੇ ਅਮਰੀਕਾ ਵਿਚਾਲੇ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮਾਸਕੋ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਖੁੱਲ੍ਹੇ ਸਮੁੰਦਰ ਵਿੱਚ ਕੀਤੀ ਗਈ ‘ਸਮੁੰਦਰੀ ਡਕੈਤੀ’ ਕਰਾਰ ਦਿੱਤਾ ਹੈ ਅਤੇ ਅਮਰੀਕਾ ‘ਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼
ਰੂਸੀ ਵਿਦੇਸ਼ ਮੰਤਰਾਲੇ ਅਤੇ ਰੂਸੀ ਸੰਸਦ ਦੇ ਸੀਨੀਅਰ ਨੇਤਾ ਐਂਡਰੀ ਕਲਿਸ਼ਾਸ ਨੇ ਇਸ ਆਪਰੇਸ਼ਨ ਦੀ ਸਖ਼ਤ ਨਿੰਦਾ ਕੀਤੀ ਹੈ। ਰੂਸੀ ਪਰਿਵਹਨ ਮੰਤਰਾਲੇ ਅਨੁਸਾਰ, ਅਮਰੀਕੀ ਫੌਜਾਂ ਦੇ ਜਹਾਜ਼ ‘ਤੇ ਚੜ੍ਹਨ ਤੋਂ ਬਾਅਦ ਉਨ੍ਹਾਂ ਦਾ ‘ਮਰੀਨੇਰਾ’ ਨਾਲੋਂ ਸੰਪਰਕ ਟੁੱਟ ਗਿਆ ਹੈ। ਰੂਸ ਦਾ ਦਾਅਵਾ ਹੈ ਕਿ 1982 ਦੇ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ (UNCLOS) ਤਹਿਤ ਕਿਸੇ ਵੀ ਦੇਸ਼ ਨੂੰ ਦੂਜੇ ਦੇਸ਼ ਦੇ ਰਜਿਸਟਰਡ ਜਹਾਜ਼ ਵਿਰੁੱਧ ਬਲ ਪ੍ਰਯੋਗ ਕਰਨ ਦਾ ਅਧਿਕਾਰ ਨਹੀਂ ਹੈ। ਰੂਸ ਨੇ ਮੰਗ ਕੀਤੀ ਹੈ ਕਿ ਟੈਂਕਰ ‘ਤੇ ਮੌਜੂਦ ਰੂਸੀ ਨਾਗਰਿਕਾਂ ਨਾਲ ਮਾਨਵਤਾਵਾਦੀ ਵਿਵਹਾਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਜਲਦ ਵਾਪਸੀ ਯਕੀਨੀ ਬਣਾਈ ਜਾਵੇ।
ਰੂਸੀ ਜੰਗੀ ਜਹਾਜ਼ਾਂ ਦੀ ਮੌਜੂਦਗੀ 'ਚ ਹੋਈ ਕਾਰਵਾਈ
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਾਰਵਾਈ ਉਦੋਂ ਹੋਈ ਜਦੋਂ ਆਈਸਲੈਂਡ ਦੇ ਨੇੜੇ ਸਮੁੰਦਰ ਵਿੱਚ ਰੂਸੀ ਨੌਸੈਨਾ ਦੀ ਇੱਕ ਪਣਡੁੱਬੀ ਅਤੇ ਕਈ ਜੰਗੀ ਜਹਾਜ਼ ਤਾਇਨਾਤ ਸਨ। ਅਮਰੀਕੀ ਅਧਿਕਾਰੀਆਂ ਅਨੁਸਾਰ, ਇਸ ਰੂਸੀ ਟੈਂਕਰ ਨੂੰ ਫੜਨ ਲਈ ਹਫ਼ਤਿਆਂ ਤੱਕ ਇਸ ਦਾ ਪਿੱਛਾ ਕੀਤਾ ਗਿਆ ਸੀ। ਟੈਂਕਰ ਨੇ ਪਹਿਲਾਂ ਵੀ ਅਮਰੀਕੀ ਨਾਕਾਬੰਦੀ ਨੂੰ ਚਕਮਾ ਦਿੱਤਾ ਸੀ ਅਤੇ ਪਛਾਣ ਛਿਪਾਉਣ ਲਈ ਆਪਣਾ ਝੰਡਾ ਅਤੇ ਰਜਿਸਟ੍ਰੇਸ਼ਨ ਤੱਕ ਬਦਲ ਦਿੱਤੀ ਸੀ।
ਬ੍ਰਿਟੇਨ ਨੇ ਨਿਭਾਈ ਅਹਿਮ ਭੂਮਿਕਾ
ਇਸ ਚੁਣੌਤੀਪੂਰਨ ਮਿਸ਼ਨ ਨੂੰ ਅਮਰੀਕੀ ਕੋਸਟ ਗਾਰਡ ਅਤੇ ਅਮਰੀਕੀ ਫੌਜ ਨੇ ਸਾਂਝੇ ਤੌਰ ‘ਤੇ ਅੰਜਾਮ ਦਿੱਤਾ, ਜਿਸ ਵਿੱਚ ਬ੍ਰਿਟੇਨ ਨੇ ‘ਲਾਂਚਪੈਡ’ ਵਜੋਂ ਵੱਡੀ ਮਦਦ ਕੀਤੀ। ਟੈਂਕਰ 'ਤੇ ਕਬਜ਼ਾ ਕਰਨ ਲਈ ਬ੍ਰਿਟਿਸ਼ ਹਵਾਈ ਅੱਡਿਆਂ ਦੀ ਵਰਤੋਂ ਕੀਤੀ ਗਈ ਅਤੇ ਰੋਇਲ ਏਅਰ ਫੋਰਸ (RAF) ਦੇ ਜਹਾਜ਼ਾਂ ਨੇ ਲਗਾਤਾਰ ਟੈਂਕਰ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਕੇ ਅਮਰੀਕੀ ਫੌਜ ਨੂੰ ਸਟੀਕ ਜਾਣਕਾਰੀ ਦਿੱਤੀ।
ਰੂਸ ਦੀ ਚੇਤਾਵਨੀ
ਰੂਸੀ ਨੇਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਰੋਂਦ ਰਿਹਾ ਹੈ ਅਤੇ ਅਜਿਹੀਆਂ ਕਾਰਵਾਈਆਂ ਵਿਸ਼ਵ ਸਮੁੰਦਰੀ ਸੁਰੱਖਿਆ ਲਈ ਖ਼ਤਰਨਾਕ ਮਿਸਾਲ ਬਣ ਸਕਦੀਆਂ ਹਨ। ਇਹ ਘਟਨਾ ਟਰੰਪ ਪ੍ਰਸ਼ਾਸਨ ਅਤੇ ਰੂਸ ਵਿਚਾਲੇ ਵਧਦੇ ਤਣਾਅ ਨੂੰ ਹੋਰ ਹਵਾ ਦੇ ਸਕਦੀ ਹੈ।
ਅਮਰੀਕਾ-ਰੂਸ ਵਿਚਾਲੇ ਵਧਿਆ ਤਣਾਅ! ਵੈਨੇਜ਼ੁਏਲਾ ਤੋਂ ਆ ਰਹੇ ਰੂਸੀ ਤੇਲ ਟੈਂਕਰ 'ਤੇ US ਨੇਵੀ ਨੇ ਕੀਤਾ ਕਬਜ਼ਾ
NEXT STORY