ਮਾਸਕੋ : ਰੂਸ ਨੇ ਭਾਰਤ ਦੇ ਨਾਲ ਸਿਵਲ ਐਵੀਏਸ਼ਨ ਸੈਕਟਰ 'ਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੀ ਆਪਣੀ ਤਿਆਰੀ ਜ਼ਾਹਰ ਕੀਤੀ ਹੈ। ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੂਰੋਵ ਨੇ ਸਪੂਤਨਿਕ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਮੰਤੂਰੋਵ ਨੇ ਕਿਹਾ ਕਿ ਰੂਸ ਇੱਕ ਅਜਿਹਾ ਭਾਈਵਾਲ ਹੈ ਜੋ ਭਾਰਤ ਦੇ ਨਾਲ ਸਿਰਫ਼ ਅਤਿ-ਆਧੁਨਿਕ ਏਵੀਏਸ਼ਨ ਤਕਨਾਲੋਜੀ ਦੀ ਸਪਲਾਈ ਰਾਹੀਂ ਹੀ ਨਹੀਂ, ਸਗੋਂ ਭਾਰਤ ਦੇ ਘਰੇਲੂ ਏਵੀਏਸ਼ਨ ਉਦਯੋਗ ਦੇ ਵਿਕਾਸ 'ਚ ਸਹਾਇਤਾ ਕਰ ਕੇ ਵੀ ਕੰਮ ਕਰਨ ਲਈ ਤਿਆਰ ਹੈ। ਉਨ੍ਹਾਂ ਮੁਤਾਬਕ, ਦੋਹਾਂ ਦੇਸ਼ਾਂ ਦੀ ਆਪਸੀ ਦਿਲਚਸਪੀ ਫੌਜੀ ਖੇਤਰ ਤੋਂ ਅੱਗੇ ਵਧ ਕੇ ਸਿਵਲ ਐਵੀਏਸ਼ਨ ਵਿੱਚ ਸਹਿਯੋਗ ਵਧਾਉਣ ਵਿੱਚ ਹੋ ਸਕਦੀ ਹੈ।
ਸਫਲ ਭਾਈਵਾਲੀ ਦਾ ਲੰਬਾ ਇਤਿਹਾਸ
ਅਧਿਕਾਰੀ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦਾ ਸਫਲ ਏਵੀਏਸ਼ਨ ਸਹਿਯੋਗ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ। ਮਿਸਾਲ ਵਜੋਂ, ਭਾਰਤ ਵਿੱਚ ਮਸ਼ਹੂਰ ਮਿਗ-21 ਜੈੱਟ ਫਾਈਟਰਜ਼ ਅਤੇ Su-30MKI ਮਲਟੀਰੋਲ ਫਾਈਟਰਜ਼ ਦਾ ਉਤਪਾਦਨ ਲਾਇਸੈਂਸ ਅਧੀਨ ਕੀਤਾ ਜਾਂਦਾ ਹੈ। ਮੰਤੂਰੋਵ ਨੇ ਇਹ ਵੀ ਦੱਸਿਆ ਕਿ 'ਮੇਕ ਇਨ ਇੰਡੀਆ' ਪਹਿਲਕਦਮੀ ਤਹਿਤ ਭਾਰਤ ਦਾ ਉਦਯੋਗਿਕ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਤੇ ਭਾਰਤ ਦਾ ਏਅਰ ਟਰਾਂਸਪੋਰਟ ਬਾਜ਼ਾਰ "ਨਿਰੰਤਰ ਰੂਪ 'ਚ ਵਿਕਾਸ ਕਰ ਰਿਹਾ ਹੈ"।
ਸੁਪਰਜੈੱਟ ਜਹਾਜ਼ਾਂ ਨਾਲ ਭਵਿੱਖ ਦਾ ਸਹਿਯੋਗ
ਰੂਸੀ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸੀ ਸੁਪਰਜੈੱਟ ਜਹਾਜ਼ਾਂ ਨੇ ਪਹਿਲਾਂ ਹੀ 40 ਮਿਲੀਅਨ ਤੋਂ ਵੱਧ ਯਾਤਰੀਆਂ ਨੂੰ ਲਿਜਾਇਆ ਹੈ ਅਤੇ ਇਹ ਰੂਸੀ ਏਅਰਲਾਈਨਾਂ ਦੁਆਰਾ ਘਰੇਲੂ ਤੇ ਅੰਤਰਰਾਸ਼ਟਰੀ ਰੂਟਾਂ 'ਤੇ ਸਰਗਰਮੀ ਨਾਲ ਸੰਚਾਲਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਜਿਉਂ ਹੀ ਅਪਡੇਟ ਕੀਤੇ ਗਏ ਏਅਰਕ੍ਰਾਫਟ ਮਾਡਲ ਦਾ ਪ੍ਰਮਾਣੀਕਰਨ ਅੱਗੇ ਵਧੇਗਾ ਅਤੇ ਇਸ ਦਾ ਉਤਪਾਦਨ ਵਧੇਗਾ, ਭਾਰਤੀ ਭਾਈਵਾਲਾਂ ਨਾਲ ਸਹਿਯੋਗ ਹੋਰ ਜ਼ਿਆਦਾ ਢੁਕਵਾਂ ਹੋ ਜਾਵੇਗਾ ਅਤੇ ਇਸ ਬਾਰੇ ਵਧੇਰੇ ਠੋਸ ਸ਼ਬਦਾਂ ਵਿੱਚ ਚਰਚਾ ਕੀਤੀ ਜਾ ਸਕਦੀ ਹੈ।
ਪਿਛਲੀਆਂ ਮੀਟਿੰਗਾਂ 'ਤੇ ਜ਼ੋਰ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 'ਚ ਉਦਯੋਗ ਅਤੇ ਵਪਾਰ ਦੇ ਉਪ ਮੰਤਰੀ ਅਲੈਕਸੀ ਗਰੂਜ਼ਦੇਵ ਨੇ ਵੀ ਕਿਹਾ ਸੀ ਕਿ ਮੰਤਰਾਲਾ ਰੂਸ ਤੇ ਭਾਰਤ ਨੂੰ ਸਿਵਲ ਐਵੀਏਸ਼ਨ ਸੈਕਟਰ ਵਿੱਚ ਇੱਕ ਦੂਜੇ ਦੇ ਪੂਰਕ ਵਜੋਂ ਦੇਖਦਾ ਹੈ ਅਤੇ ਇਸ ਖੇਤਰ ਵਿੱਚ ਸਹਿਯੋਗ ਨੂੰ ਜਲਦੀ ਹੀ "ਨਵੀਂ ਗਤੀ" ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਅਗਸਤ ਦੇ ਅਖੀਰ 'ਚ 26ਵੀਂ ਰੂਸੀ-ਭਾਰਤੀ ਅੰਤਰ-ਸਰਕਾਰੀ ਕਮਿਸ਼ਨ ਦੀ ਮੀਟਿੰਗ ਦੌਰਾਨ, ਮੰਤੂਰੋਵ ਨੇ ਟਰਾਂਸਪੋਰਟ ਇੰਜੀਨੀਅਰਿੰਗ, ਰਸਾਇਣਕ ਉਦਯੋਗ ਤੇ ਧਾਤੂ ਵਿਗਿਆਨ ਵਰਗੇ ਸੈਕਟਰਾਂ 'ਚ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਖਾਸ ਤੌਰ 'ਤੇ ਜ਼ੋਰ ਦਿੱਤਾ ਸੀ।
ਪਾਕਿ ਦੀ ਲਾਪਰਵਾਹੀ ਦੀ ਹੱਦ! 1817 ਮੰਦਰਾਂ ਤੇ ਗੁਰਦੁਆਰਿਆਂ 'ਚੋਂ ਚੱਲ ਰਹੇ ਸਿਰਫ਼ 37
NEXT STORY