ਕੀਵ/ਮਾਸਕੋ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੇ ਉਸ ਸਮੇਂ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਰੂਸ ਨੇ ਸ਼ੁੱਕਰਵਾਰ (9 ਜਨਵਰੀ 2026) ਨੂੰ ਯੂਕਰੇਨ 'ਤੇ ਆਪਣੀ ਨਵੀਂ 'ਓਰੇਸ਼ਨਿਕ' (Oreshnik) ਬੈਲਿਸਟਿਕ ਮਿਜ਼ਾਈਲ ਨਾਲ ਵੱਡਾ ਹਮਲਾ ਕੀਤਾ। ਇਸ ਹਮਲੇ 'ਚ ਰਾਜਧਾਨੀ ਕੀਵ 'ਚ ਕਈ ਮੌਤਾਂ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।।
ਮਿਜ਼ਾਈਲ ਦੀ ਤਾਕਤ ਅਤੇ ਰਫ਼ਤਾਰ
ਰੂਸੀ ਰਾਸ਼ਟਰਪਤੀ ਪੁਤਿਨ ਨੇ ਦਾਅਵਾ ਕੀਤਾ ਹੈ ਕਿ 'ਓਰੇਸ਼ਨਿਕ' ਮਿਜ਼ਾਈਲ ਦੀ ਰਫ਼ਤਾਰ 13,000 ਕਿਲੋਮੀਟਰ ਪ੍ਰਤੀ ਘੰਟਾ (Mach 10) ਹੈ ਅਤੇ ਇਸ ਨੂੰ ਰੋਕਣਾ ਲਗਭਗ ਅਸੰਭਵ ਹੈ। ਪੁਤਿਨ ਮੁਤਾਬਕ, ਇਸ ਮਿਜ਼ਾਈਲ ਦੇ ਕਈ ਵਾਰਹੈੱਡਸ ਇੱਕਠੇ ਹਮਲਾ ਕਰਦੇ ਹਨ ਅਤੇ ਇੱਕ ਰਵਾਇਤੀ ਹਮਲੇ ਵਿੱਚ ਵੀ ਇਹ ਪਰਮਾਣੂ ਹਮਲੇ ਵਰਗੀ ਤਬਾਹੀ ਮਚਾਉਣ ਦੀ ਸਮਰੱਥਾ ਰੱਖਦੀ ਹੈ। ਇਹ ਮਿਜ਼ਾਈਲ ਪਰਮਾਣੂ ਹਥਿਆਰ ਲਿਜਾਣ ਵਿੱਚ ਵੀ ਸਮਰੱਥ ਹੈ।

ਕੀਵ 'ਚ ਮਚੀ ਤਬਾਹੀ
ਕੀਵ ਸਿਟੀ ਮਿਲਟਰੀ ਐਡਮਿਨਿਸਟ੍ਰੇਸ਼ਨ ਅਨੁਸਾਰ, ਇਸ ਹਮਲੇ 'ਚ ਮਰਨ ਵਾਲਿਆਂ 'ਚ ਇੱਕ ਐਮਰਜੈਂਸੀ ਮੈਡੀਕਲ ਸਹਾਇਤਾ ਕਰਮਚਾਰੀ ਵੀ ਸ਼ਾਮਲ ਹੈ। ਕੀਵ ਦੇ ਦੇਸਨਿਆਂਸਕੀ (Desnyanskyi) ਅਤੇ ਡਨੀਪਰੋ (Dnipro) ਜ਼ਿਲ੍ਹਿਆਂ 'ਚ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਕੁਝ ਥਾਵਾਂ 'ਤੇ ਅੱਗ ਲੱਗ ਗਈ। ਹਮਲੇ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਬਿਜਲੀ ਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਮਿਜ਼ਾਈਲ ਨੇ ਪੱਛਮੀ ਲਵੀਵ (Lviv) ਖੇਤਰ ਵਿੱਚ ਇੱਕ ਵੱਡੇ ਭੂਮੀਗਤ ਕੁਦਰਤੀ ਗੈਸ ਸਟੋਰੇਜ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਹਮਲੇ ਦਾ ਕਾਰਨ ਤੇ ਚਿਤਾਵਨੀ
ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਮਲਾ ਪਿਛਲੇ ਮਹੀਨੇ ਰਾਸ਼ਟਰਪਤੀ ਪੁਤਿਨ ਦੀ ਰਿਹਾਇਸ਼ 'ਤੇ ਹੋਏ ਯੂਕਰੇਨੀ ਡਰੋਨ ਹਮਲੇ ਦਾ ਬਦਲਾ ਹੈ, ਹਾਲਾਂਕਿ ਯੂਕਰੇਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਯੂਕਰੇਨ ਨੂੰ ਰੂਸ ਦੇ ਅੰਦਰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਇਜਾਜ਼ਤ ਦਿੱਤੀ, ਤਾਂ ਰੂਸ ਉਨ੍ਹਾਂ ਵਿਰੁੱਧ ਵੀ 'ਓਰੇਸ਼ਨਿਕ' ਦੀ ਵਰਤੋਂ ਕਰ ਸਕਦਾ ਹੈ।
ਜ਼ੇਲੇਨਸਕੀ ਦੀ ਚਿਤਾਵਨੀ
ਇਹ ਹਮਲਾ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੁਆਰਾ ਰਾਸ਼ਟਰ ਨੂੰ ਇੱਕ ਵੱਡੇ ਰੂਸੀ ਹਮਲੇ ਬਾਰੇ ਚਿਤਾਵਨੀ ਦੇਣ ਤੋਂ ਕੁਝ ਘੰਟੇ ਬਾਅਦ ਹੋਇਆ। ਉਨ੍ਹਾਂ ਕਿਹਾ ਕਿ ਰੂਸ ਕੜਾਕੇ ਦੀ ਠੰਡ ਅਤੇ ਬਰਫੀਲੇ ਮੌਸਮ ਦਾ ਫਾਇਦਾ ਉਠਾ ਕੇ ਯੂਕਰੇਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
...ਜਦੋਂ ਲੈਂਡਿੰਗ ਦੌਰਾਨ ਹਵਾ 'ਚ ਲਟਕ ਗਈ ਯਾਤਰੀਆਂ ਦੀ ਜਾਨ ! ਵੀਡੀਓ ਵਾਇਰਲ
NEXT STORY