ਲੰਡਨ— ਇੰਗਲੈਂਡ 'ਚ ਰਹਿ ਰਹੀ ਪੰਜਾਬਣ ਕੁੜੀ ਆਈ.ਐੱਸ 'ਚ ਸ਼ਾਮਲ ਹੋਣ ਲਈ ਕੀ ਕੁੱਝ ਕਰ ਬੈਠੀ, ਸ਼ਾਇਦ ਉਸ ਨੂੰ ਇਸ ਦੀ ਸਮਝ ਹੀ ਨਹੀਂ। ਸ਼ਨੀਵਾਰ ਨੂੰ ਉਸ ਨੂੰ ਅਦਾਲਤ ਨੇ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਸਿੱਖ ਪਰਿਵਾਰ 'ਚ ਜੰਮੀ ਸੰਦੀਪ ਸਮਰਾ ਨਾਂ ਦੀ ਲੜਕੀ ਨੇ 15 ਸਾਲ ਦੀ ਉਮਰ 'ਚ ਇਸਲਾਮ ਧਰਮ ਕਬੂਲ ਕਰ ਲਿਆ ਸੀ। ਉਹ ਇਸਲਾਮਿਕ ਸਟੇਟ 'ਚ ਸ਼ਾਮਲ ਹੋਣ ਲਈ ਸੀਰੀਆ ਜਾਣ ਦੀ ਇਛੁੱਕ ਸੀ ਅਤੇ ਉੱਥੇ ਉਹ ਨਰਸ ਵਜੋਂ ਅੱਤਵਾਦੀਆਂ ਦੀ ਮਦਦ ਕਰਨਾ ਚਾਹੁੰਦੀ ਸੀ। ਇਸੇ ਸਿਲਸਿਲੇ 'ਚ ਉਸ ਨੂੰ ਹਿਰਾਸਤ 'ਚ ਲਿਆ ਗਿਆ ਸੀ ਅਤੇ ਬਰਤਾਨਵੀ ਅਦਾਲਤ ਨੇ 18 ਸਾਲਾ ਸੰਦੀਪ ਨੂੰ ਸ਼ਨੀਵਾਰ ਨੂੰ ਸਾਢੇ ਤਿੰਨ ਸਾਲ ਜੇਲ ਦੀ ਸਜ਼ਾ ਸੁਣਾਈ ਹੈ।
ਬੀਤੇ ਦਿਨੀਂ ਉਸ ਨੇ ਆਪਣਾ ਜ਼ੁਰਮ ਕਬੂਲ ਕਰਦਿਆਂ ਕਿਹਾ ਸੀ ਕਿ ਉਹ ਸੀਰੀਆ ਜਾ ਕੇ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦੇਣਾ ਚਾਹੁੰਦੀ ਸੀ। ਬਰਮਿੰਘਮ ਕਰਾਊਨ ਕੋਰਟ ਦੀ ਜੱਜ ਮੈਲਬਰਨ ਇਨਮਾਨ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਕੱਟੜਪੰਥ ਤੋਂ ਪ੍ਰਭਾਵਿਤ ਹੈ। ਉਸ ਦੇ ਅਧਿਆਪਕਾਂ ਅਤੇ ਪਰਿਵਾਰ ਵਾਲਿਆਂ ਨੇ ਉਸ ਦੀਆਂ ਹਰਕਤਾਂ 'ਤੇ ਨਜ਼ਰ ਰੱਖੀ ਅਤੇ ਤਦ ਇਹ ਗੱਲ ਸਾਹਮਣੇ ਆਈ ਕਿ ਉਹ ਗਲਤ ਰਾਹ 'ਤੇ ਤੁਰ ਪਈ ਹੈ।
ਸੰਦੀਪ ਕਵੈਂਟਰੀ ਦੇ ਲੇਇੰਗ ਹਾਲ ਸਕੂਲ 'ਚ ਪੜ੍ਹੀ ਹੈ। ਜੁਲਾਈ, 2015 ਵਿਚ ਉਸ ਬਾਰੇ ਪਤਾ ਲੱਗਾ ਕਿ ਉਹ ਇਸਲਾਮਿਕ ਸਟੇਟ ਦੀ ਹਮਾਇਤੀ ਹੈ । ਅਦਾਲਤ ਵਿਚ ਦੱਸਿਆ ਗਿਆ ਕਿ ਸੰਦੀਪ ਦੇ ਪਿਤਾ ਨੇ ਉਸ ਦੇ ਅਧਿਆਪਕਾਂ ਦੇ ਕਹਿਣ 'ਤੇ ਉਸ ਦਾ ਪਾਸਪੋਰਟ ਪੁਲਸ ਨੂੰ ਸੌਂਪ ਦਿੱਤਾ ਸੀ। ਜੂਨ, 2017 ਵਿਚ ਸੰਦੀਪ ਨੇ ਮੁੜ ਪਾਸਪੋਰਟ ਲਈ ਅਰਜ਼ੀ ਦਿੱਤੀ ਤੇ ਇਕ ਮਹੀਨੇ ਬਾਅਦ ਪੁਲਸ ਨੇ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਮੋਬਾਈਲ ਜ਼ਬਤ ਕਰ ਲਿਆ। ਇਸ ਤੋਂ ਪਤਾ ਲੱਗਾ ਕਿ ਉਹ ਸੀਰੀਆ ਜਾਣ ਦੀ ਯੋਜਨਾ ਬਣਾ ਰਹੀ ਸੀ। ਚੜ੍ਹਦੀ ਜਵਾਨੀ 'ਚ ਉਹ ਅਜਿਹੇ ਰਾਹ 'ਤੇ ਤੁਰ ਪਈ, ਜਿਸ ਨੇ ਉਸ ਦੇ ਮੱਥੇ 'ਤੇ ਬਦਨਾਮੀ ਦਾ ਧੱਬਾ ਲਗਾ ਦਿੱਤਾ ਹੈ।
ਜਾਪਾਨ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ : ਚੀਨ
NEXT STORY