ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਸ਼ੁਰੂ ਹੋਏ ਤਿੰਨ ਦਿਨਾ ਮਿਊਜ਼ਿਕ ਫੈਸਟੀਵਲ TRNSMT ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਤਕਰੀਬਨ 50,000 ਲੋਕਾਂ ਨੇ ਗਲਾਸਗੋ ਗ੍ਰੀਨ ਵਿਖੇ ਸ਼ਿਰਕਤ ਕੀਤੀ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਸਮਾਗਮ ’ਚ ਕਈ ਕਲਾਕਾਰਾਂ ਦੇ ਸ਼ੋਅ ਸ਼ਾਮਲ ਹੋਣਗੇ, ਜਿਨ੍ਹਾਂ ’ਚ ਲਿਆਮ ਗੈਲਾਘਰ, ਸਨੋ ਪੈਟਰੋਲ, ਐਮੀ ਮੈਕਡੋਨਲਡ ਅਤੇ ਦਿ ਕੈਮੀਕਲ ਬ੍ਰਦਰਜ਼ ਆਦਿ ਸ਼ਾਮਲ ਹਨ। ਸਕਾਟਲੈਂਡ ’ਚ ਵੱਡੇ ਇਕੱਠਾਂ ’ਚ ਸ਼ਾਮਲ ਹੋਣ ਲਈ ਅਗਲੇ ਮਹੀਨੇ ਤੋਂ ਵੈਕਸੀਨ ਪਾਸਪੋਰਟਾਂ ਦੀ ਜ਼ਰੂਰਤ ਹੋਵੇਗੀ ਪਰ ਇਸ ਮਿਊਜ਼ਿਕ ਫੈਸਟੀਵਲ ’ਚ ਕੋਰੋਨਾ ਤੋਂ ਸਾਵਧਾਨੀ ਵਜੋਂ ਟਿਕਟਧਾਰਕਾਂ ਨੂੰ ਨੈਗੇਟਿਵ ਲੈਟਰਲ ਫਲੋਅ ਟੈਸਟ ਦੇ ਸਬੂਤ ਤੋਂ ਬਿਨਾਂ ਦਾਖਲਾ ਨਹੀਂ ਦਿੱਤਾ ਜਾਵੇਗਾ। ਫੈਸਟੀਵਲ ਦੇ ਪ੍ਰਬੰਧਕਾਂ ਅਨੁਸਾਰ ਕੋਵਿਡ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਲਾਗੂ ਹਨ।
ਫੈਸਟੀਵਲ ਵਿੱਚ ਦਾਖਲ ਹੋਣ ਲਈ ਇੱਕ ਨੈਗੇਟਿਵ ਲੈਟਰਲ ਫਲੋਅ ਟੈਸਟ ਦੀ ਜ਼ਰੂਰਤ ਹੈ, ਜੋ ਪਹੁੰਚਣ ਤੋਂ 48 ਘੰਟੇ ਤੋਂ ਪਹਿਲਾਂ ਨਹੀਂ ਲਿਆ ਹੋਣਾ ਚਾਹੀਦਾ । 48 ਘੰਟਿਆਂ ਤੋਂ ਬਾਅਦ ਸੰਗੀਤ ਪ੍ਰੇਮੀਆਂ ਨੂੰ ਦੂਜਾ ਟੈਸਟ ਲੈਣ ਦੀ ਜ਼ਰੂਰਤ ਹੋਵੇਗੀ ਅਤੇ ਇਸ ਦੇ ਨਤੀਜੇ ਨੂੰ ਆਨਲਾਈਨ ਰਜਿਸਟਰ ਕਰਨਾ ਹੋਵੇਗਾ। ਜਿਸ ਉਪਰੰਤ ਇੱਕ ਟੈਕਸਟ ਸੁਨੇਹਾ ਜਾਂ ਈਮੇਲ ਪੁਸ਼ਟੀ ਵਜੋਂ ਪ੍ਰਾਪਤ ਹੋਵੇਗਾ, ਜੋ ਫੈਸਟੀਵਲ ਦੇ ਪ੍ਰਬੰਧਕਾਂ ਨੂੰ ਦਿਖਾਇਆ ਜਾ ਸਕੇਗਾ। ਇਹ ਮਿਊਜ਼ਿਕ ਫੈਸਟੀਵਲ ਪਹਿਲੀ ਵਾਰ ਪੂਰੀ ਤਰ੍ਹਾਂ ਕੈਸ਼ਲੈੱਸ ਸਾਈਟ ਵਜੋਂ ਕੰਮ ਕਰ ਰਿਹਾ ਹੈ ਅਤੇ ਸਾਰੇ ਵਿਕਰੇਤਾ ਸੰਪਰਕ ਰਹਿਤ ਭੁਗਤਾਨ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਮਹਾਮਾਰੀ ਦੇ ਨਤੀਜੇ ਵਜੋਂ ਪਿਛਲੇ ਸਾਲ ਦਾ ਤਿਉਹਾਰ ਰੱਦ ਕਰ ਦਿੱਤਾ ਗਿਆ ਸੀ ਅਤੇ ਹੁਣ ਹਰ ਦਿਨ ਸਾਈਟ ’ਤੇ 50,000 ਪ੍ਰਸ਼ੰਸਕਾਂ ਨੂੰ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ।
ਪਾਕਿਸਤਾਨ ਸੋਮਵਾਰ ਤੋਂ ਕਾਬੁਲ ਲਈ ਵਪਾਰਕ ਉਡਾਣਾਂ ਕਰੇਗਾ ਬਹਾਲ
NEXT STORY