ਐਡੀਲੇਡ (ਕਰਨ ਬਰਾੜ): ਬੀਤੇ ਦਿਨੀਂ ਐਡੀਲੇਡ ਵਿਖੇ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਵੱਲੋਂ ਸੈਮੀਨਾਰ ਅਤੇ ਦਸਤਾਰ ਮੁਕਾਬਲਿਆਂ ਤੋਂ ਇਲਾਵਾ ਤਸਵੀਰ ਪ੍ਰਦਰਸ਼ਨੀ ਅਤੇ ਪੁਸਤਕ ਮੇਲਾ ਕਰਵਾਇਆ ਗਿਆ। ਜਿਸ ’ਚ ਸੈਮੀਨਾਰ ਦੇ ਵਿਸ਼ੇ (ਪਰਵਾਸ- ਇਤਿਹਾਸ ਅਤੇ ਭਵਿੱਖ) ਤੇ ਵੱਖ-ਵੱਖ ਬੁਲਾਰਿਆਂ ਵੱਲੋਂ ਵੱਡਮੁੱਲੇ ਵਿਚਾਰ ਸਾਂਝੇ ਕਰਦਿਆਂ, ਪਰਵਾਸ ਦੇ ਉਦੇਸ਼, ਸੰਘਰਸ਼ ਅਤੇ ਪ੍ਰਾਪਤੀਆਂ ਸਬੰਧੀ ਭਾਈਚਾਰੇ ਨਾਲ ਵਿਚਾਰਾਂ ਦੀ ਵਿਸਥਾਰਪੂਰਵਕ ਸਾਂਝ ਪਾਈ ਗਈ।
ਸੈਮੀਨਾਰ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਪਰਵਾਸ ਦੌਰਾਨ ਹੋਏ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸਭ ਵੱਲੋਂ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਣ ਸਮੇਤ ਉਨ੍ਹਾਂ ਨੂੰ ਧਰਮ ਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਸੁਨੇਹਾ ਵੀ ਦਿੱਤਾ ਗਿਆ। ਇਸ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ ਦੇ ਜੀਵਨ ਦੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ। ਇਸ ਸਮਾਗਮ ਵਿਚ ਸਿੱਖ ਇਤਿਹਾਸ, ਸਿੱਖੀ ਦੀ ਪਹਿਚਾਣ ਨੂੰ ਦਰਸਾਉਂਦੀ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਤਸਵੀਰ ਪ੍ਰਦਰਸ਼ਨੀ ਅਤੇ ਪੁਸਤਕਾਂ ਦੀ ਮਹੱਤਤਾ ਨੂੰ ਆਮ ਲੋਕਾਂ ਤੱਕ ਲੈ ਜਾਣ ਦੇ ਉਪਰਾਲੇ ਵਜੋਂ ਲੱਗਾ ਪੁਸਤਕ ਮੇਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।
ਜ਼ਿਕਰਯੋਗ ਹੈ ਕਿ ਸਮਾਗਮ ’ਚ ਪਹੁੰਚੇ ਪਤਵੰਤੇ ਲੋਕਾਂ ਵੱਲੋਂ ਪੁਸਤਕ ਮੇਲੇ ਲਈ ਭਾਰੀ ਉਤਸ਼ਾਹ ਵਿਖਾਇਆ ਗਿਆ। ਇਸ ਮੌਕੇ ਸਭਨਾਂ ਨੇ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਨੂੰ ਪਰਵਾਸ ਦੇ ਵਿਸ਼ੇ ਤੇ ਕਰਵਾਏ ਸਫ਼ਲ ਸਮਾਗਮ ਤੇ ਵਧਾਈ ਦਿੰਦੇ ਹੋਏ ਇਸ ਵੱਖਰੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਜਸਦੀਪ ਸਿੰਘ ਮਾਨ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਕਲੱਬ ਵੱਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ ਅਤੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ, ਅਜਿੰਦਰ ਸਿੰਘ ਬਾਵਾ, ਗੁਰਿੰਦਰਜੀਤ ਸਿੰਘ ਲਾਲੀ, ਗੁਰਪਿਆਰ ਸਿੰਘ, ਤਰਨਬੀਰ ਸਿੰਘ, ਇੰਦਰਵੀਰ ਸਿੰਘ, ਹਰਇੰਦਰ ਸਿੰਘ, ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਆਉਂਦੇ ਦਿਨਾਂ ਵਿੱਚ ਪੰਜਾਬੀ ਲਾਇਬ੍ਰੇਰੀ, ਬੱਚਿਆਂ ਦੀਆਂ ਖੇਡਾਂ ਅਤੇ ਅੱਜ ਜਿਹੇ ਹੋਰ ਉਪਰਾਲੇ ਲਗਾਤਾਰ ਜਾਰੀ ਰਹਿਣਗੇ।
ਤਾਲਿਬਾਨ ਸਰਕਾਰ ਨੇ ਲਿਖੀ ਭਾਰਤ ਨੂੰ ਚਿੱਠੀ, ਉਡਾਣਾਂ ਨੂੰ ਲੈ ਕੇ ਕੀਤੀ ਇਹ ਖ਼ਾਸ ਮੰਗ
NEXT STORY