ਵਾਸ਼ਿੰਗਟਨ (ਅਮਰੀਕਾ): ਅਮਰੀਕਾ ਵਿੱਚ ਇੱਕ ਵਾਰ ਫਿਰ ਭਾਰਤੀ ਮੂਲ ਦੇ ਵਿਦਿਆਰਥੀਆਂ ਨੇ ਆਪਣੀ ਬੌਧਿਕ ਸਮਰੱਥਾ ਦਾ ਲੋਹਾ ਮਨਵਾਇਆ ਹੈ। ਕੈਲੀਫੋਰਨੀਆ ਦੇ 14 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਸ਼੍ਰੇਅ ਪਾਰਿਖ ਨੇ ਵੱਕਾਰੀ 'ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ 2026' ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਮੁਕਾਬਲੇ ਵਿੱਚ ਸ਼੍ਰੇਅ ਨੇ ਨਿਊ ਜਰਸੀ ਦੇ ਈਸ਼ਾਨ ਗੁਪਤਾ ਨੂੰ ਹਰਾ ਕੇ ਇਹ ਪ੍ਰਾਪਤੀ ਹਾਸਲ ਕੀਤੀ।
90 ਸੰਕਿਟਾਂ 'ਚ ਬੋਲੇ 32 ਸਹੀ ਸ਼ਬਦ
ਮੁਕਾਬਲਾ ਬਹੁਤ ਹੀ ਸਖ਼ਤ ਸੀ। ਨਿਰਣਾਇਕ 'ਸਪੈਲ-ਆਫ' ਰਾਊਂਡ ਵਿੱਚ ਸ਼੍ਰੇਅ ਅਤੇ ਈਸ਼ਾਨ ਨੂੰ 90 ਸੰਕਿਟਾਂ ਦੇ ਅੰਦਰ ਵੱਧ ਤੋਂ ਵੱਧ ਸ਼ਬਦਾਂ ਦੇ ਸਹੀ ਸਪੈਲਿੰਗ ਦੱਸਣ ਦਾ ਮੌਕਾ ਮਿਲਿਆ। ਸ਼੍ਰੇਅ ਨੇ ਆਪਣੀ ਤੇਜ਼ ਰਫ਼ਤਾਰ ਅਤੇ ਯਾਦਾਸ਼ਤ ਦਾ ਪ੍ਰਦਰਸ਼ਨ ਕਰਦਿਆਂ 90 ਸੰਕਿਟਾਂ ਵਿੱਚ 32 ਸ਼ਬਦਾਂ ਦੇ ਬਿਲਕੁਲ ਸਹੀ ਸਪੈਲਿੰਗ ਦੱਸੇ, ਜਦਕਿ ਈਸ਼ਾਨ 25 ਸ਼ਬਦ ਹੀ ਸਹੀ ਦੱਸ ਸਕੇ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਸ਼੍ਰੇਅ ਨੂੰ ਜੇਤੂ ਐਲਾਨਿਆ ਗਿਆ।
ਇਨਾਮਾਂ ਦੀ ਹੋਈ ਬੌਛਾਰ -ਇਸ ਜਿੱਤ ਨਾਲ ਸ਼੍ਰੇਅ ਨੂੰ ਭਾਰੀ ਇਨਾਮੀ ਰਾਸ਼ੀ ਅਤੇ ਹੋਰ ਤੋਹਫ਼ੇ ਮਿਲੇ ਹਨ:
-50,000 ਅਮਰੀਕੀ ਡਾਲਰ (ਲਗਭਗ 41.5 ਲੱਖ ਰੁਪਏ) ਨਕਦ ਇਨਾਮ।
-ਪ੍ਰਸਿੱਧ 'ਸਕ੍ਰਿਪਸ ਕੱਪ' ਅਤੇ ਇੱਕ ਯਾਦਗਾਰੀ ਮੈਡਲ।
-ਮੇਰੀਅਮ-ਵੈਬਸਟਰ ਵੱਲੋਂ 2,500 ਡਾਲਰ ਅਤੇ ਡੈਲਟਾ ਏਅਰਲਾਈਨਜ਼ ਵੱਲੋਂ 1,000 ਡਾਲਰ ਦਾ ਫਲਾਈਟ ਕ੍ਰੈਡਿਟ।
-ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵੱਲੋਂ ਕੀਮਤੀ ਹਵਾਲਾ ਪੁਸਤਕਾਂ।
ਸ਼੍ਰੇਅ ਨੂੰ ਇਹ ਜਿੱਤ ਰਾਤੋ-ਰਾਤ ਨਹੀਂ ਮਿਲੀ। ਉਹ ਪਿਛਲੇ ਕਈ ਸਾਲਾਂ ਤੋਂ ਇਸ ਮੁਕਾਬਲੇ ਦੀ ਤਿਆਰੀ ਕਰ ਰਿਹਾ ਸੀ। ਸਾਲ 2022 ਵਿੱਚ ਉਹ 89ਵੇਂ ਸਥਾਨ 'ਤੇ ਰਿਹਾ ਸੀ ਅਤੇ ਸਾਲ 2024 ਵਿੱਚ ਉਸ ਨੇ ਤੀਜਾ ਸਥਾਨ ਹਾਸਲ ਕੀਤਾ ਸੀ। ਆਪਣੀ ਲਗਾਤਾਰ ਮਿਹਨਤ ਸਦਕਾ ਉਹ 2026 ਵਿੱਚ ਚੈਂਪੀਅਨ ਬਣ ਕੇ ਉੱਭਰਿਆ। ਵਾਸ਼ਿੰਗਟਨ ਦੇ ਡੀ.ਏ.ਆਰ. ਕੰਸਟੀਚਿਊਸ਼ਨ ਹਾਲ ਵਿੱਚ ਹੋਈ ਇਸ ਤਿੰਨ ਦਿਨਾਂ ਪ੍ਰਤੀਯੋਗਤਾ ਵਿੱਚ ਅਮਰੀਕਾ ਦੇ ਸਾਰੇ 50 ਰਾਜਾਂ ਤੋਂ ਇਲਾਵਾ ਕੈਨੇਡਾ, ਘਾਨਾ, ਨਾਈਜੀਰੀਆ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਦੇ ਕੁੱਲ 247 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ। ਫਾਈਨਲ ਰਾਊਂਡ ਵਿੱਚ ਸਿਰਫ਼ 9 ਪ੍ਰਤੀਭਾਗੀ ਹੀ ਜਗ੍ਹਾ ਬਣਾ ਸਕੇ , ਜਿਨ੍ਹਾਂ ਵਿੱਚੋਂ ਜਾਰਜੀਆ ਦਾ 12 ਸਾਲਾ ਸਰਵ ਧਾਰਵਾਨੇ ਤੀਜੇ ਸਥਾਨ 'ਤੇ ਰਿਹਾ।
ਦੱਸਣਯੋਗ ਹੈ ਕਿ ਸਕ੍ਰਿਪਸ ਨੈਸ਼ਨਲ ਸਪੈਲਿੰਗ ਬੀ ਦੁਨੀਆ ਦੇ ਸਭ ਤੋਂ ਵੱਕਾਰੀ ਅਕਾਦਮਿਕ ਮੁਕਾਬਲਿਆਂ ਵਿੱਚੋਂ ਇੱਕ ਹੈ। ਇਸ ਵਿੱਚ ਕੇਵਲ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਕਈ ਪੜਾਵਾਂ, ਜਿਵੇਂ ਕਿ ਸਪੈਲਿੰਗ ਰਾਊਂਡ ਅਤੇ ਵੋਕੈਬੁਲਰੀ ਟੈਸਟ ਵਿੱਚੋਂ ਗੁਜ਼ਰਨਾ ਪੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲਾਂਚ ਤੋਂ ਪਹਿਲਾਂ ਬਲੂ ਓਰਿਜਨ ਦੇ ਰਾਕੇਟ 'ਚ ਵੱਡਾ ਧਮਾਕਾ! ਹਿਲ ਗਏ ਨੇੜਲੇ ਘਰ
NEXT STORY