ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ ਦੇ ਬਾਵਜੂਦ ਕਿ ਐਲਨ ਮਸਕ ਨੇ ਯੂਕ੍ਰੇਨ 'ਚ ਸਟਾਰਲਿੰਕ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ, ਯੂਕ੍ਰੇਨੀ ਫ਼ੌਜ ਨੂੰ ਅਜੇ ਵੀ ਕਮਿਊਨੀਕੇਸ਼ਨ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਕ੍ਰੇਨ ਦੇ ਰੱਖਿਆ ਮੰਤਰਾਲਾ ਨਾਲ ਜੁੜੇ ਸੂਤਰਾਂ ਮੁਤਾਬਕ, 161 ਕਿਲੋਮੀਟਰ ਪ੍ਰਤੀ ਘੰਟਾ (100 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਉੱਡਣ ਵਾਲੇ ਡਰੋਨਾਂ ਦਾ ਸੰਪਰਕ ਟੁੱਟਣ ਦੀਆਂ ਘਟਨਾਵਾਂ ਦਰਜ ਕੀਤੀਆਂ ਜਾ ਰਹੀਆਂ ਹਨ। ਕੁਝ ਮਾਮਲਿਆਂ 'ਚ ਸੰਪਰਕ 10 ਤੋਂ 20 ਸੈਕਿੰਡ ਤੱਕ ਵੀ ਟੁੱਟ ਰਿਹਾ ਹੈ, ਜਿਸ ਕਰ ਕੇ ਕਈ ਫੌਜੀ ਮੁਹਿੰਮਾਂ ਨੂੰ ਰੱਦ ਕਰਨਾ ਪਿਆ। ਇਸ ਨਾਲ ਰੂਸੀ ਹਮਲਿਆਂ ਨੂੰ ਰੋਕਣ ਅਤੇ ਫੌਜੀ ਕਾਰਵਾਈਆਂ ਨੂੰ ਅੰਜਾਮ ਦੇਣ 'ਚ ਪ੍ਰੇਸ਼ਾਨੀ ਹੋ ਰਹੀ ਹੈ। ਯੂਕ੍ਰੇਨ ਦਾ ਕਹਿਣਾ ਹੈ ਕਿ ਪਾਬੰਦੀਆਂ ਪੂਰੀ ਤਰ੍ਹਾਂ ਹਟਣ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਟਰੰਪ-ਮਸਕ ਅਤੇ ਜ਼ੇਲੈਂਸਕੀ ਵਿਚਾਲੇ ਕਿਉਂ ਵਧਿਆ ਤਣਾਅ ?
ਸਟਾਰਲਿੰਕ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਟਰੰਪ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵਿਚਾਲੇ ਰੂਸ ਦੇ ਖ਼ਿਲਾਫ਼ ਯੂਕ੍ਰੇਨੀ ਹਮਲਿਆਂ ਨੂੰ ਲੈ ਕੇ ਤਣਾਅ ਵਧਿਆ ਹੋਇਆ ਹੈ। ਯੂਕ੍ਰੇਨ ਰੂਸੀ ਤੇਲ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਕਿਉਂਕਿ ਤੇਲ ਤੋਂ ਹੋਣ ਵਾਲੀ ਕਮਾਈ ਰੂਸ ਦੀ ਜੰਗੀ ਮੁਹਿੰਮ ਨੂੰ ਵਿੱਤੀ ਮਦਦ ਦਿੰਦੀ ਹੈ। ਟਰੰਪ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਨਾਲ ਗਲੋਬਲ ਕੀਮਤਾਂ ’ਤੇ ਦਬਾਅ ਪੈਂਦਾ ਹੈ। ਜ਼ੇਲੈਂਸਕੀ ਅਨੁਸਾਰ, ਅਮਰੀਕਾ ਨੇ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨਾ ਬੰਦ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਵਾਸ਼ਿੰਗਟਨ ਵੱਲੋਂ ਰੂਸੀ ਤੇਲ ’ਤੇ ਕੁਝ ਪਾਬੰਦੀਆਂ ਵਿਚ ਰਾਹਤ ਅਤੇ ਰੂਸੀ ਡੀਜ਼ਲ ਦਰਾਮਦ ਨਾਲ ਸਬੰਧਤ ਕਦਮਾਂ ਨੇ ਵੀ ਕੀਵ ਦੀ ਨਾਰਾਜ਼ਗੀ ਵਧਾਈ ਹੈ।
ਇਹ ਵੀ ਪੜ੍ਹੋ- ਅਮਰੀਕਾ ਨੂੰ ਭਾਰਤੀ ਬੰਦੇ ਨੇ ਲਾ'ਤਾ 550 ਕਰੋੜ ਦਾ 'ਚੂਨਾ' ! ਹੋ ਸਕਦੀ ਐ 100 ਸਾਲ ਦੀ ਕੈਦ
ਜ਼ਿੰਮੇਵਾਰੀ ਨੂੰ ਲੈ ਕੇ ਅਮਰੀਕਾ ਤੇ ਮਸਕ ਦੇ ਵੱਖ-ਵੱਖ ਸੰਕੇਤ
ਟਰੰਪ ਨੇ ਪਾਬੰਦੀਆਂ ਲਗਾਉਣ ਦਾ ਹੁਕਮ ਦੇਣ ਤੋਂ ਇਨਕਾਰ ਕੀਤਾ ਹੈ। ਮਸਕ ਨੇ ਵੀ ਪਹਿਲਾਂ ਕਿਹਾ ਸੀ ਕਿ ਉਹ ਸੇਵਾ ਦੀ ਰਫ਼ਤਾਰ ਘਟਾਉਣ ਲਈ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਟਾਰਸ਼ੀਲਡ ’ਤੇ ਕੰਟਰੋਲ ਅਮਰੀਕੀ ਫ਼ੌਜ ਦਾ ਹੈ ਅਤੇ ਉਸ ਦੀ ਵਰਤੋਂ ਦੀਆਂ ਹੱਦਾਂ ਵੀ ਉਹੀ ਤੈਅ ਕਰਦੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਕਿਹਾ ਕਿ ਸਟਾਰਲਿੰਕ ਤੱਕ ਯੂਕ੍ਰੇਨ ਦੀ ਪਹੁੰਚ ਨਾਲ ਜੁੜੇ ਫ਼ੈਸਲੇ ਸਪੇਸਐਕਸ ਅਤੇ ਮਸਕ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ। ਇਸ ਦੌਰਾਨ, ‘ਦਿ ਵਾਲ ਸਟ੍ਰੀਟ ਜਰਨਲ’ ਦੀ ਰਿਪੋਰਟ ਅਨੁਸਾਰ, ਟਰੰਪ ਨੇ ਮਸਕ ਨਾਲ ਗੱਲਬਾਤ ਕਰ ਕੇ ਰਫ਼ਤਾਰ ’ਤੇ ਲੱਗੀ ਹੱਦ ਸਬੰਧੀ ਰੋਕ ਹਟਾਉਣ ਲਈ ਕਿਹਾ ਸੀ। ਇਸ ਤੋਂ ਬਾਅਦ ਸੇਵਾ ਵਿਚ ਸੁਧਾਰ ਹੋਇਆ ਪਰ ਯੂਕ੍ਰੇਨ ਨੂੰ ਹਾਲੇ ਵੀ ਪੂਰੀ ਬਹਾਲੀ ਦੀ ਉਡੀਕ ਹੈ।
ਕੀ ਹੈ ਸਟਾਰਲਿੰਕ ਅਤੇ ਸਟਾਰਸ਼ੀਲਡ ਦਾ ਵਿਵਾਦ ?
ਐਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਸਟਾਰਲਿੰਕ ਉਪਗ੍ਰਹਿ ਨੈੱਟਵਰਕ ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਜੰਗ ਵਾਲੇ ਖੇਤਰਾਂ ਵਿਚ ਇੰਟਰਨੈੱਟ ਅਤੇ ਸੰਚਾਰ ਸਹੂਲਤ ਦਿੰਦਾ ਹੈ। ਯੂਕ੍ਰੇਨੀ ਫ਼ੌਜ ਇਸ ਦੀ ਵਰਤੋਂ ਸਿਪਾਹੀਆਂ ਵਿਚਾਲੇ ਸੰਪਰਕ, ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ, ਰਸਦ ਤੇ ਡਰੋਨ ਸੰਚਾਲਨ ਲਈ ਕਰਦੀ ਹੈ। ਉੱਥੇ ਹੀ, ਸਟਾਰਸ਼ੀਲਡ ਇਸ ਦਾ ਜ਼ਿਆਦਾ ਸੁਰੱਖਿਅਤ ਫੌਜੀ ਐਡੀਸ਼ਨ ਹੈ, ਜਿਸ ਦੀ ਵਰਤੋਂ ਸੰਵੇਦਨਸ਼ੀਲ ਫੌਜੀ ਮੁਹਿੰਮਾਂ ਵਿਚ ਕੀਤੀ ਜਾਂਦੀ ਹੈ। ਸਟਾਰਲਿੰਕ ਵਪਾਰਕ ਸੇਵਾ ਹੈ, ਜਦਕਿ ਸਟਾਰਸ਼ੀਲਡ ਦਾ ਕੰਟਰੋਲ ਅਮਰੀਕੀ ਸਰਕਾਰ ਕੋਲ ਹੈ। ਯੂਕ੍ਰੇਨ ਦੋਵਾਂ ਪ੍ਰਣਾਲੀਆਂ ’ਤੇ ਨਿਰਭਰ ਹੈ, ਇਸ ਲਈ ਇਨ੍ਹਾਂ ਦੀ ਰਫ਼ਤਾਰ ਜਾਂ ਉਪਲਬਧਤਾ ’ਤੇ ਲਗਾਈ ਗਈ ਪਾਬੰਦੀ ਸਿੱਧੇ ਤੌਰ ’ਤੇ ਉਸ ਦੀਆਂ ਫੌਜੀ ਮੁਹਿੰਮਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਇਹ ਵੀ ਪੜ੍ਹੋ- ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਏਗਾ ਠੱਪ ! ਟਰੰਪ ਦੀ ਧਮਕੀ ਮਗਰੋਂ ਇਰਾਨ ਨੇ...
ਜੰਗ ’ਚ ਤਕਨੀਕ ’ਤੇ ਨਿਰਭਰਤਾ ਦਾ ਸਵਾਲ
ਇਹ ਵਿਵਾਦ ਯੂਕ੍ਰੇਨ ਦੇ ਸਾਹਮਣੇ ਇਕ ਵੱਡੀ ਚੁਣੌਤੀ ਵੀ ਉਜਾਗਰ ਕਰਦਾ ਹੈ। ਜਿਸ ਉਪਗ੍ਰਹਿ ਨੈੱਟਵਰਕ ਨੇ ਜੰਗ ਦੌਰਾਨ ਉਸ ਦੀ ਫੌਜੀ ਸੰਚਾਰ ਵਿਵਸਥਾ ਨੂੰ ਮਜ਼ਬੂਤ ਕੀਤਾ, ਉਸੇ ’ਤੇ ਨਿਰਭਰਤਾ ਹੁਣ ਉਸ ਦੀ ਕਮਜ਼ੋਰੀ ਬਣ ਸਕਦੀ ਹੈ। ਜੇਕਰ ਸੰਚਾਰ ਸੇਵਾਵਾਂ ਅਚਾਨਕ ਸੀਮਿਤ ਹੁੰਦੀਆਂ ਹਨ, ਤਾਂ ਡਰੋਨ ਹਮਲਿਆਂ, ਹਵਾਈ ਸੁਰੱਖਿਆ ਅਤੇ ਸਿਪਾਹੀਆਂ ਵਿਚਾਲੇ ਤਾਲਮੇਲ ’ਤੇ ਅਸਰ ਪੈ ਸਕਦਾ ਹੈ। ਇਸ ਲਈ ਕੀਵ ਲਈ ਸਿਰਫ਼ ਸੇਵਾ ਬਹਾਲ ਹੋਣਾ ਹੀ ਨਹੀਂ, ਬਲਕਿ ਬਿਨਾਂ ਅਚਾਨਕ ਪਾਬੰਦੀਆਂ ਦੇ ਉਸ ਦਾ ਭਰੋਸੇਮੰਦ ਬਣੇ ਰਹਿਣਾ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ- ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ 'ਚ ਕੈਨਡਾ ! PM ਕਾਰਨੀ ਨੇ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਏਗਾ ਠੱਪ ! ਟਰੰਪ ਦੀ ਧਮਕੀ ਮਗਰੋਂ ਇਰਾਨ ਨੇ...
NEXT STORY