ਵਸ਼ਿੰਗਟਨ ਡੀ. ਸੀ., ( ਰਾਜ ਗੋਗਨਾ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨਕਾਮੀਆਂ ਨੂੰ ਜਨਤਾ ਦੀ ਕਚਹਿਰੀ ਵਿੱਚ ਲੈ ਜਾਣ ਲਈ ਕੀਤੀਆਂ ਜਾ ਰਹੀਆਂ ਪੋਲ ਖੋਲ੍ਹ ਰੈਲੀਆਂ ਦੀ ਅਪਾਰ ਸਫਲਤਾ ਨੇ ਜਿੱਥੇ ਅਕਾਲੀ ਬਾਗੋ-ਬਾਗ ਕਰ ਦਿੱਤੇ ਹਨ, ਉਥੇ ਹੀ ਕਾਂਗਰਸੀ ਹਲਕਿਆਂ ਵਿੱਚ ਵੱਡੇ ਪੱਧਰ 'ਤੇ ਹਫੜਾ-ਦਫੜੀ ਮਚ ਗਈ ਹੈ ਅਤੇ ਪੰਜਾਬੀ ਮੁੜ ਅਕਾਲੀ ਸਰਕਾਰ ਦੀ ਵਾਪਸੀ ਲਈ ਪੱਬਾਂ ਭਾਰ ਹੋ ਰਹੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਗਬਾਣੀ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਅਮਰੀਕਾ ਦੇ ਚੇਅਰਮੈਨ ਅਤੇ ਚੀਫ ਸਪੋਕਸਮੈਨ ਸ. ਸਤਪਾਲ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿੱਚ ਕੀਤੀਆਂ ਜਾ ਰਹੀਆਂ ਰੈਲੀਆਂ ਨੇ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆ ਹਨ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਸਰਕਾਰ ਦੀ ਮੁੜ ਵਾਪਸੀ ਲਈ ਤਤਪਰ ਹੋ ਗਏ ਹਨ । ਕਦੇ ਕਰਜ਼ਾ ਮਾਫ਼ੀ, ਕਦੇ ਰੋਜ਼ਗਾਰ ਦੇ ਡਰਾਮੇ ਕਰਨ ਵਾਲੀ ਸਰਕਾਰ ਨੇ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸਗੋਂ ਬਾਦਲ ਸਰਕਾਰ ਵੱਲੋਂ ਚਲਾਈਆਂ ਲੋਕ ਭਲਾਈ ਦੀਆਂ ਸਕੀਮਾਂ ਵੀ ਬੰਦ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ ਅਮਰੀਕਾ/ ਕੈਨੇਡਾ ਵੱਲੋਂ ਪੋਲ ਖੋਲ੍ਹ ਰੈਲੀਆਂ ਦੀ ਮਹਾਨ ਸਫਲਤਾ ਲਈ ਬਾਦਲ ਸਾਹਿਬ ਨੂੰ ਵਧਾਈ ਦਿੱਤੀ ਗਈ। ਸ. ਬਰਾੜ ਨੇ ਉਮੀਦ ਪ੍ਰਗਟ ਕੀਤੀ ਕਿ ਮੋਦੀ ਸਰਕਾਰ ਵੱਲੋਂ ਅਗਲੇ ਸਾਲ ਲੋਕ ਸਭਾ ਚੋਣਾਂ ਨਾਲ ਹੀ ਸਾਰੇ ਦੇਸ਼ ਵਿੱਚ ਅਸੈਂਬਲੀ ਚੋਣਾਂ ਕਰਾਉਣ ਦਾ ਫੈਸਲਾ ਪੰਜਾਬ ਵਿੱਚ ਮੁੜ ਅਕਾਲੀ-ਭਾਜਪਾ ਗਠਜੋੜ ਸਰਕਾਰ ਬਣਾ ਕੇ ਪੰਜਾਬੀਆਂ ਨੂੰ ਵੱਡੀ ਰਾਹਤ ਦੇਵੇਗਾ ।
ਆਸਟ੍ਰੇਲੀਆ 'ਚ ਭਾਰਤੀ ਹਾਈ ਕਮਿਸ਼ਨ ਦੇ ਮੁਲਾਜ਼ਮ ਨਾਲ ਹੋਇਆ ਧੱਕਾ, ਹਾਰਿਆ ਕੇਸ
NEXT STORY