ਲਾਝੋਊ/ਬੀਜਿੰਗ : ਸ਼ੁੱਕਰਵਾਰ ਨੂੰ ਥਾਈਲੈਂਡ ਤੋਂ ਰੂਸ ਜਾ ਰਹੀ ਇੱਕ ਅੰਤਰਰਾਸ਼ਟਰੀ ਫਲਾਈਟ ਵਿੱਚ ਅਚਾਨਕ ਤਕਨੀਕੀ ਖਰਾਬੀ ਆਉਣ ਕਾਰਨ ਹੜਕੰਪ ਮਚ ਗਿਆ। ਹਵਾ ਵਿੱਚ ਆਈ ਇਸ ਖਰਾਬੀ ਕਾਰਨ ਜਹਾਜ਼ ਦੀ ਚੀਨ ਦੇ ਲਾਝੋਊ (Lanzhou) ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।
ਪ੍ਰਾਪਤ ਜਾਣਕਾਰੀ ਅਨੁਸਾਰ, ਅਜ਼ੂਰ ਏਅਰਲਾਈਨਜ਼ (Azure Airlines) ਦੀ ਫਲਾਈਟ ZF-2998 ਥਾਈਲੈਂਡ ਦੇ ਫੁਕੇਟ ਤੋਂ ਰੂਸ ਦੇ ਬਰਨੌਲ ਜਾ ਰਹੀ ਸੀ। ਸਫ਼ਰ ਦੌਰਾਨ ਜਦੋਂ ਜਹਾਜ਼ ਅਸਮਾਨ ਵਿੱਚ ਸੀ, ਤਾਂ ਪਾਇਲਟ ਨੂੰ ਅਚਾਨਕ ਤਕਨੀਕੀ ਖਰਾਬੀ ਦਾ ਸਿਗਨਲ ਮਿਲਿਆ। ਸੁਰੱਖਿਆ ਦੇ ਮੱਦੇਨਜ਼ਰ, ਪਾਇਲਟ ਨੇ ਤੁਰੰਤ ਚੀਨੀ ਹਵਾਈ ਅੱਡਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਜਹਾਜ਼ ਨੂੰ ਲਾਝੋਊ ਵੱਲ ਮੋੜ ਦਿੱਤਾ ਗਿਆ।
ਇਸ ਜਹਾਜ਼ ਵਿੱਚ ਕੁੱਲ 238 ਯਾਤਰੀ ਸਵਾਰ ਸਨ। ਤਕਨੀਕੀ ਖਰਾਬੀ ਦੀ ਖ਼ਬਰ ਮਿਲਦਿਆਂ ਹੀ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਕਾਫੀ ਦੇਰ ਤੱਕ ਉਨ੍ਹਾਂ ਦੇ ਸਾਹ ਅਟਕੇ ਰਹੇ। ਹਾਲਾਂਕਿ, ਪਾਇਲਟ ਦੀ ਸੂਝ-ਬੂਝ ਨਾਲ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਸਾਰੇ ਯਾਤਰੀ ਸਹੀ-ਸਲਾਮਤ ਦੱਸੇ ਜਾ ਰਹੇ ਹਨ।
ਏਅਰਲਾਈਨਜ਼ ਵੱਲੋਂ ਜਹਾਜ਼ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਹਵਾਈ ਅੱਡਾ ਅਧਿਕਾਰੀਆਂ ਵੱਲੋਂ ਯਾਤਰੀਆਂ ਦੇ ਰਹਿਣ ਅਤੇ ਉਨ੍ਹਾਂ ਨੂੰ ਅਗਲੀ ਮੰਜ਼ਿਲ ਤੱਕ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਫਿਲਹਾਲ ਇਸ ਘਟਨਾ ਬਾਰੇ ਏਅਰਲਾਈਨ ਵੱਲੋਂ ਹੋਰ ਵਿਸਥਾਰਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਆਸਮਾਨ 'ਚ ਮੌਤ ਦਾ ਸਾਇਰਨ ! ਮੁੱਠੀ 'ਚ ਆਈ 238 ਮੁਸਾਫਰਾਂ ਦੀ ਜਾਨ, ਕਰਵਾਉਣੀ ਪਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
NEXT STORY