ਮਿਲਾਨ (ਟੇਕ ਚੰਦ ਜਗਤਪੁਰ): ਭਾਰਤ ਅਤੇ ਇਟਲੀ ਦੇ ਆਰਥਿਕ ਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਗੁਜਰਾਤ ਦੀ ਮਸ਼ਹੂਰ 'ਗਿਫਟ ਸਿਟੀ' (Gujarat International Finance Tec-City) ਦਾ ਇੱਕ ਉੱਚ ਪੱਧਰੀ ਵਫ਼ਦ ਇਟਲੀ ਦੇ ਸ਼ਹਿਰ ਮਿਲਾਨ ਪਹੁੰਚਿਆ। ਇਸ ਵਫ਼ਦ ਦੀ ਅਗਵਾਈ ਮੈਨੇਜਿੰਗ ਡਾਇਰੈਕਟਰ ਤੇ ਗਰੁੱਪ ਸੀ.ਈ.ਓ. ਸੰਜੇ ਕੌਲ ਨੇ ਕੀਤੀ। ਮਿਲਾਨ ਸਥਿਤ ਇੰਡੀਅਨ ਕੌਂਸਲੇਟ ਵਿਖੇ ਪਹੁੰਚਣ 'ਤੇ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਅਤੇ ਸਟਾਫ ਵੱਲੋਂ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਭਾਰਤੀ ਭਾਈਚਾਰੇ ਦੇ ਆਗੂਆਂ, ਕਾਰੋਬਾਰੀਆਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮਿਲਾਨ ਵਿੱਚ ਭਾਰਤ ਦੇ ਕੌਂਸਲ ਜਨਰਲ ਲਵੱਨਿਆ ਕੁਮਾਰ ਨੇ ਇਟਲੀ ਵਿੱਚ ਰਹਿ ਰਹੇ ਭਾਰਤੀਆਂ ਨੂੰ 'ਗਿਫਟ ਸਿਟੀ' ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਭਾਰਤੀ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਦਾ ਇੱਕ ਸੁਨਹਿਰੀ ਮੌਕਾ ਹੈ। ਵਫ਼ਦ ਨੇ 'ਗਿਫਟ ਸਿਟੀ' ਵੱਲੋਂ ਚਲਾਏ ਜਾ ਰਹੇ ਨਵੇਂ ਪ੍ਰੋਗਰਾਮਾਂ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕੀਤੀ।

ਕੀ ਹੈ 'ਗਿਫਟ ਸਿਟੀ' ਦੀ ਖ਼ਾਸੀਅਤ?
ਦੱਸਣਯੋਗ ਹੈ ਕਿ ਗਿਫਟ ਸਿਟੀ ਭਾਰਤ ਦਾ ਪਹਿਲਾ ਸਮਾਰਟ ਇੰਟਰਨੈਸ਼ਨਲ ਫਾਇਨਾਂਸ ਸਰਵਿਸਿਜ਼ ਸੈਂਟਰ ਹੈ। ਗੁਜਰਾਤ ਦੇ ਅਹਿਮਦਾਬਾਦ ਅਤੇ ਗਾਂਧੀਨਗਰ ਵਿਚਕਾਰ 886 ਏਕੜ ਵਿੱਚ ਫੈਲੀ ਇਸ ਸਿਟੀ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਬੁਨਿਆਦੀ ਢਾਂਚਾ ਹੈ। ਇੱਥੇ ਕਾਰੋਬਾਰ ਕਰਨ ਲਈ ਬਹੁਤ ਘੱਟ ਟੈਕਸ ਅਤੇ ਬਿਹਤਰੀਨ ਮਾਹੌਲ ਮਿਲਦਾ ਹੈ। ਹੁਣ ਤੱਕ ਦੁਨੀਆ ਭਰ ਦੀਆਂ 1030 ਕੰਪਨੀਆਂ ਇਸ ਨਾਲ ਜੁੜ ਚੁੱਕੀਆਂ ਹਨ।

ਇਟਲੀ ਪੁੱਜੇ ਮਸ਼ਹੂਰ ਖੇਡ ਪ੍ਰਮੋਟਰ ਕਮਲਜੀਤ ਸਿੰਘ, ਹੋਇਆ ਨਿੱਘਾ ਸੁਆਗਤ
NEXT STORY