ਲੰਡਨ/ਦੁਬਈ : ਮੱਧ-ਪੂਰਬ ਵਿੱਚ ਜਾਰੀ ਜੰਗੀ ਤਣਾਅ ਦੇ ਵਿਚਕਾਰ ਈਰਾਨ ਨੇ ਹੁਣ ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਐਮਾਜ਼ਾਨ (Amazon) ਨੂੰ ਨਿਸ਼ਾਨਾ ਬਣਾਇਆ ਹੈ। ਈਰਾਨ ਦੇ ਡਰੋਨ ਹਮਲਿਆਂ ਕਾਰਨ ਪੱਛਮੀ ਏਸ਼ੀਆ ਵਿੱਚ ਸਥਿਤ ਐਮਾਜ਼ਾਨ ਵੈੱਬ ਸਰਵਿਸਿਜ਼ (AWS) ਦੇ ਤਿੰਨ ਡੇਟਾ ਸੈਂਟਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਕੰਪਨੀ ਦੇ ਕਲਾਊਡ ਕੰਪਿਊਟਿੰਗ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸੰਯੁਕਤ ਅਰਬ ਅਮੀਰਾਤ (UAE) ਵਿੱਚ ਸਥਿਤ ਦੋ ਡੇਟਾ ਸੈਂਟਰਾਂ 'ਤੇ ਡਰੋਨਾਂ ਰਾਹੀਂ ਸਿੱਧਾ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਬਹਿਰੀਨ ਵਿੱਚ ਸਥਿਤ ਇੱਕ ਹੋਰ ਕੇਂਦਰ ਵੀ ਡਰੋਨ ਦੇ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। AWS ਨੇ ਆਪਣੇ ਆਨਲਾਈਨ ਡੈਸ਼ਬੋਰਡ 'ਤੇ ਦੱਸਿਆ ਕਿ ਇਨ੍ਹਾਂ ਹਮਲਿਆਂ ਕਾਰਨ ਡੇਟਾ ਸੈਂਟਰਾਂ ਦੇ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ।
ਹਮਲੇ ਇੰਨੇ ਭਿਆਨਕ ਸਨ ਕਿ ਕੁਝ ਕੇਂਦਰਾਂ ਵਿੱਚ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਕੰਪਨੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਤੱਕ UAE ਦੇ ਪ੍ਰਭਾਵਿਤ ਕੇਂਦਰਾਂ ਵਿੱਚ ਮੁੜ ਨਿਰਮਾਣ ਅਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਇਸ ਵਿੱਚ ਤੇਜ਼ੀ ਨਾਲ ਪ੍ਰਗਤੀ ਹੋ ਰਹੀ ਹੈ। ਇਨ੍ਹਾਂ ਹਮਲਿਆਂ ਕਾਰਨ ਖੇਤਰ ਵਿੱਚ ਡਿਜੀਟਲ ਸੇਵਾਵਾਂ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਖਾੜੀ ਦੇਸ਼ਾਂ 'ਚ ਜੰਗ ਦਰਮਿਆਨ ਟਰੰਪ ਦਾ ਵੱਡਾ ਫੈਸਲਾ; ਹੁਣ ਅਮਰੀਕੀ ਨੇਵੀ ਦੀ ਸੁਰੱਖਿਆ ਹੇਠ ਹੋਵੇਗੀ ਤੇਲ ਦੀ ਸਪਲਾਈ
NEXT STORY