ਇੰਟਰਨੈਸ਼ਨਲ ਡੈਸਕ : ਦੁਨੀਆ ’ਚ ਆਪਣੇ ਵਧੀਆ ਸਿਸਟਮ ਤੇ ਫੈਸਲਿਆਂ ਲਈ ਜਾਪਾਨ ਜਾਣਿਆ ਜਾਂਦਾ ਹੈ। ਇਥੋਂ ਦੀ ਸਰਕਾਰ ਨੇ ਹਾਲ ਹੀ ’ਚ ਕੰਪਨੀਆਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਹਫਤੇ ’ਚ 5 ਦੀ ਥਾਂ 4 ਦਿਨ ਕੰਮ ਕਰਨ ਦਾ ਬਦਲ ਦੇਣ। ਇਸ ’ਚ ਕਰਮਚਾਰੀਆਂ ਨੂੰ ਇਹ ਅਧਿਕਾਰ ਦਿੱਤਾ ਜਾਵੇਗਾ ਕਿ ਉਹ ਹਫ਼ਤੇ ਦੇ ਕਿਹੜੇ ਚਾਰ ਦਿਨ ਕੰਮ ਕਰਨ। ਜ਼ਿਕਰਯੋਗ ਹੈ ਕਿ ਜਾਪਾਨ ਸਰਕਾਰ ਲੋਕਾਂ ਨੂੰ ਇੰਨਾ ਸਮਾਂ ਦੇਣਾ ਚਾਹੁੰਦੀ ਹੈ ਕਿ ਜਿਸ ਨਾਲ ਉਹ ਨੌਕਰੀ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੇ ਨਵੇਂ ਸਕਿੱਲ ਸਿੱਖਣ ਦੀ ਜ਼ਰੂਰਤ ਵਿਚਾਲੇ ਤਾਲਮੇਲ ਬਿਠਾ ਸਕਣ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਉਨ੍ਹਾਂ ਦਾ ਜੀਵਨ ਵਧੀਆ ਹੋਵੇਗਾ। ਜਾਪਾਨ ਸਰਕਾਰ ਨੇ ਇਸ ਨੂੰ ਲੈ ਕੇ ਗਾਈਡਲਾਈਨ ਵੀ ਤਿਆਰ ਕਰ ਲਈ ਹੈ ਪਰ ਇਸ ਨੀਤੀ ਨੂੰ ਲੈ ਕੇ ਦੇਸ਼ ’ਚ ਬਹਿਸ ਛਿੜ ਗਈ ਹੈ। ਜਾਪਾਨ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ ’ਚ ਬਹੁਤ ਸੁਧਾਰ ਹੋ ਸਕਦਾ ਹੈ। ਜ਼ਿਆਦਾ ਛੁੱਟੀਆਂ ਕਰਨ ਨਾਲ ਕਰਮਚਾਰੀ ਆਪਣੇ ਪਰਿਵਾਰਾਂ ਨਾਲ ਘੁੰਮਣ-ਫਿਰਨ ਜਾਣਗੇ ਤੇ ਪੈਸੇ ਖਰਚ ਕਰਨਗੇ, ਜਿਸ ਦਾ ਅਸਰ ਸਿੱਧੇ ਤੌਰ ’ਤੇ ਅਰਥਵਿਵਸਥਾ ’ਤੇ ਪਵੇਗਾ।
ਇਹ ਵੀ ਪੜ੍ਹੋ : ਬੱਚਿਆਂ ਦੀ ਸਿਹਤ ਪ੍ਰਤੀ ਚਿੰਤਤ ਬ੍ਰਿਟੇਨ ਸਰਕਾਰ ਨੇ ਜੰਕ ਫੂਡ ਦੇ ਇਸ਼ਤਿਹਾਰਾਂ ਸਬੰਧੀ ਲਿਆ ਵੱਡਾ ਫ਼ੈਸਲਾ
ਸਰਕਾਰ ਦਾ ਇਸ ਤਰ੍ਹਾਂ ਕਰਨ ਪਿੱਛੇ ਮਕਸਦ ਡਿਗਦੀ ਜਨਮ ਦਰ ਦੀ ਸਮੱਸਿਆ ਨੂੰ ਦੂਰ ਕਰਨਾ ਵੀ ਹੈ। ਸਰਕਾਰ ਅਜਿਹੀ ਉਮੀਦ ਕਰ ਰਹੀ ਹੈ ਕਿ ਛੁੱਟੀ ਮਿਲਣ ’ਤੇ ਜੋੜੇ ਬਾਹਰ ਜਾਣਗੇ। ਵਿਆਹ ਕਰਨਗੇ ਤੇ ਬੱਚੇ ਪੈਦਾ ਕਰਨਗੇ। ਇਸ ਨਾਲ ਜਾਪਾਨ ਡਿਗਦੀ ਜਨਮ ਦਰ ਦੀ ਸਮੱਸਿਆ ਤੋਂ ਉਭਰਨਾ ਚਾਹੁੰਦਾ ਹੈ। ਇਸ ਸੁਝਾਅ ਨਾਲ ਜਿਹੜੇ ਲੋਕ ਜ਼ਿਆਦਾ ਕੰਮ ਕਰ ਕੇ ਤਣਾਅ ’ਚ ਆ ਜਾਂਦੇ ਹਨ ਤੇ ਬੀਮਾਰ ਹੋ ਜਾਂਦੇ ਹਨ, ਉਨ੍ਹਾਂ ’ਤੇ ਅਸਰ ਪਵੇਗਾ ਤੇ ਉਹ ਆਰਾਮ ਕਰ ਸਕਣਗੇ। ਜਾਪਾਨ ’ਚ ਜ਼ਿਆਦਾ ਕੰਮ ਕਰਨ ਨਾਲ ਲੋਕ ਤਣਾਅ ’ਚ ਆ ਕੇ ਖੁਦਕੁਸ਼ੀਆਂ ਕਰ ਲੈਂਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਯੋਜਨਾ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਕਮੀ ਆਏਗੀ।
ਜ਼ਿਕਰਯੋਗ ਹੈ ਕਿ ਇਸ ਯੋਜਨਾ ਦਾ ਸੁਝਾਅ ਕੰਪਨੀਆਂ ਨੂੰ ਬਹੁਤ ਪਸੰਦ ਆ ਰਿਹਾ ਹੈ। ਰਿਸਰਚ ਫਰਮ ਫੂਜਿਤਸੁੁ ਦੇ ਅਰਥਸ਼ਾਸਤਰੀ ਮਾਰਟਿਨ ਸੁਲਤਸ ਦੱਸਦੇ ਹਨ ਕਿ ਇਸ ਬਦਲਾਅ ਨੂੰ ਲੈ ਕੇ ਸਰਕਾਰ ਗੰਭੀਰ ਹੈ। ਮਾਰਟਿਨ ਸੁਲਤਸ ਕਹਿੰਦੇ ਹਨ ਮਹਾਮਾਰੀ ਦੌਰਾਨ ਕੰਪਨੀਆਂ ਨੇ ਕੰਮ ਕਰਨ ਦੇ ਨਵੇਂ ਢੰਗ-ਤਰੀਕੇ ਅਪਣਾਏ। ਜਾਪਾਨ ਦੀਆਂ ਕੁਝ ਕੰਪਨੀਆਂ ਨੇ ਸਰਕਾਰ ਦੀ ਇਸ ਯੋਜਨਾ ਦਾ ਲਾਭ ਵੀ ਉਠਾ ਲਿਆ ਹੈ ਤੇ ਹੁਣ ਉਹ ਆਪਣੀ ਜਗ੍ਹ ਨੂੰ ਘੱਟ ਕਰ ਰਹੀ ਹੈ। ਇਸ ਸਭ ਦੇ ਦਰਮਿਆਨ ਕਰਮਚਾਰੀਆਂ ਲਈ ਜਿਥੇ ਇਸ ਯੋਜਨਾ ਦੇ ਲਾਭ ਹਨ, ਉਥੇ ਹੀ ਉਨ੍ਹਾਂ ਨੂੰ ਇਸ ਨਾਲ ਨੁਕਸਾਨ ਵੀ ਹੋਵੇਗਾ। ਇਸ ਸਬੰਧੀ ਅਰਥਸ਼ਾਸਤਰੀ ਕਹਿੰਦੇ ਹਨ ਕਿ ਇਸ ਯੋਜਨਾ ’ਚ ਖਾਮੀਆਂ ਹਨ। ਜਾਪਾਨ ਪਹਿਲਾਂ ਹੀ ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹਾ ਹੈ। ਅਜਿਹੀ ਹਾਲਤ ’ਚ ਕਰਮਚਾਰੀਆਂ ਨੂੰ ਇਹ ਵੀ ਫਿਕਰ ਹੈ ਕਿ ਘੱਟ ਦਿਨ ਕੰਮ ਕਰਨ ਨਾਲ ਉਨ੍ਹਾਂ ਦੀ ਆਮਦਨ ਵੀ ਘੱਟ ਹੋ ਸਕਦੀ ਹੈ।
ਚੈੱਕ ਗਣਰਾਜ ’ਚ ਖ਼ਤਰਨਾਕ ਤੂਫ਼ਾਨ ਨਾਲ 3 ਦੀ ਮੌਤ, ਸੈਂਕੜੇ ਲੋਕ ਜ਼ਖ਼ਮੀ
NEXT STORY