ਇੰਟਰਨੈਸ਼ਨਲ ਡੈਸਕ : ਤਾਇਵਾਨ ਦੀ ਰਾਜਧਾਨੀ ਤਾਇਪੇ ਵਿੱਚ ਸ਼ੁੱਕਰਵਾਰ ਨੂੰ ਇੱਕ ਸਿਰਫਿਰੇ ਹਮਲਾਵਰ ਵੱਲੋਂ ਕੀਤੀ ਗਈ ਅੰਨ੍ਹੇਵਾਹ ਹਿੰਸਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕ 27 ਸਾਲਾ ਨੌਜਵਾਨ ਨੇ ਚਾਕੂ ਤੇ ‘ਸਮੋਕ ਗ੍ਰੇਨੇਡ’ (ਧੂੰਆਂ ਛੱਡਣ ਵਾਲੇ ਗੋਲੇ) ਨਾਲ ਹਮਲਾ ਕਰਕੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ 11 ਹੋਰਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਅਧਿਕਾਰੀਆਂ ਅਨੁਸਾਰ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਹਮਲਾਵਰ ਨੇ ਇਸ ਖੂਨੀ ਵਾਰਦਾਤ ਨੂੰ ਅੰਜਾਮ ਦੇਣ ਲਈ ਪੂਰੀ ਸਾਜ਼ਿਸ਼ ਰਚੀ ਹੋਈ ਸੀ।
ਹਮਲੇ ਤੋਂ ਪਹਿਲਾਂ ਕਈ ਥਾਵਾਂ ’ਤੇ ਲਗਾਈ ਅੱਗ
ਨੈਸ਼ਨਲ ਪੁਲਸ ਏਜੰਸੀ ਦੇ ਮਹਾਨਿਰਦੇਸ਼ਕ ਚਾਂਗ ਜੁੰਗ-ਹਸਿਨ ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਚਾਂਗ ਵੇਨ (27) ਵਜੋਂ ਹੋਈ ਹੈ। ਵੇਨ ਨੇ ਦੁਪਹਿਰ ਲਗਭਗ 3:40 ਵਜੇ ਆਪਣੀ ਖੂਨੀ ਮੁਹਿੰਮ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਉਸਨੇ ਸੜਕਾਂ 'ਤੇ ਖੜ੍ਹੀਆਂ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਅੱਗ ਲਗਾਈ ਅਤੇ ਫਿਰ ਆਪਣੇ ਖੁਦ ਦੇ ਰਿਹਾਇਸ਼ੀ ਘਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।
ਮੈਟਰੋ ਸਟੇਸ਼ਨ ਅਤੇ ਡਿਪਾਰਟਮੈਂਟਲ ਸਟੋਰ ’ਚ ਦਹਿਸ਼ਤ
ਇਸ ਤੋਂ ਬਾਅਦ ਹਮਲਾਵਰ ਤਾਇਪੇ ਮੁੱਖ ਮੈਟਰੋ ਸਟੇਸ਼ਨ ਦੇ ਨਿਕਾਸ ਦੁਆਰਾਂ ਕੋਲ ਪਹੁੰਚਿਆ, ਜਿੱਥੇ ਉਸਨੇ ਸਮੋਕ ਗ੍ਰੇਨੇਡ ਸੁੱਟੇ ਤੇ ਚਾਕੂ ਨਾਲ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ। ਉੱਥੋਂ ਉਹ ਉਸੇ ਹੋਟਲ ਵਿੱਚ ਵਾਪਸ ਚਲਾ ਗਿਆ ਜਿੱਥੇ ਉਹ ਰੁਕਿਆ ਹੋਇਆ ਸੀ। ਕੁਝ ਸਮੇਂ ਬਾਅਦ, ਉਸਨੇ ‘ਐਸਲਾਈਟ ਸਪੈਕਟ੍ਰਮ ਨਾਨਕਸੀ’ ਡਿਪਾਰਟਮੈਂਟਲ ਸਟੋਰ ਦੇ ਬਾਹਰ ਫਿਰ ਧੂੰਏਂ ਵਾਲੇ ਗੋਲੇ ਸੁੱਟੇ ਅਤੇ ਇੱਕ ਹੋਰ ਵਿਅਕਤੀ ਦੀ ਹੱਤਿਆ ਕਰ ਦਿੱਤੀ।
ਪੰਜਵੀਂ ਮੰਜ਼ਿਲ ਤੋਂ ਮਾਰੀ ਛਾਲ
ਹਮਲਾਵਰ ਇੱਥੇ ਹੀ ਨਹੀਂ ਰੁਕਿਆ, ਉਹ ਡਿਪਾਰਟਮੈਂਟਲ ਸਟੋਰ ਦੀ ਚੌਥੀ ਮੰਜ਼ਿਲ 'ਤੇ ਗਿਆ ਅਤੇ ਉੱਥੇ ਇੱਕ ਹੋਰ ਵਿਅਕਤੀ ਨੂੰ ਚਾਕੂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਵਾਰਦਾਤ ਤੋਂ ਬਾਅਦ, ਚਾਂਗ ਵੇਨ ਸਟੋਰ ਦੀ ਪੰਜਵੀਂ ਮੰਜ਼ਿਲ 'ਤੇ ਸਥਿਤ ਪੁਰਸ਼ਾਂ ਦੇ ਪਖਾਨੇ ਵਿੱਚ ਗਿਆ ਅਤੇ ਉੱਥੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਸੁਰੱਖਿਆ ਵਧਾਈ
ਤਾਇਵਾਨ ਵਰਗੇ ਦੇਸ਼ ਵਿੱਚ, ਜਿੱਥੇ ਹਿੰਸਕ ਅਪਰਾਧ ਬਹੁਤ ਘੱਟ ਹੁੰਦੇ ਹਨ, ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਹੋਣ ਵਾਲੇ ਸਮਾਗਮਾਂ, ਜਿੱਥੇ ਭਾਰੀ ਭੀੜ ਜੁੜਦੀ ਹੈ, ਨੂੰ ਮੁੱਖ ਰੱਖਦਿਆਂ ਹੁਣ ਅਧਿਕਾਰੀਆਂ ਨੇ ਪੂਰੇ ਤਾਇਪੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ।
ਵਾਈਟ ਹਾਊਸ 'ਚ ਬਾਲੀਵੁੱਡ ਦੀ ਇਸ ਹਸੀਨਾ ਨੇ ਟਰੰਪ ਨਾਲ ਕੀਤਾ ਕ੍ਰਿਸਮਸ ਡਿਨਰ; ਵਾਇਰਲ ਹੋਈਆਂ ਤਸਵੀਰਾਂ
NEXT STORY