ਮਿਸੀਸਿਪੀ- ਈਸਟਰ ਮੌਕੇ ਦੱਖਣੀ ਅਮਰੀਕਾ ਵਿਚ ਆਏ ਤੂਫਾਨ ਕਾਰਨ ਹੁਣ ਤਕ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮਿਸੀਸਿਪੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਟੈਕਸਾਸ, ਅਰਕਨਸਾਸ, ਲੂਈਸਿਆਨਾ, ਮਿਸੀਸਿਪੀ, ਅਲਬਾਮਾ, ਜਾਰਜੀਆ, ਦੱਖਣੀ ਅਤੇ ਉੱਤਰੀ ਕਾਰੋਲਿਨਾਸ ਅਤੇ ਟੈਨੇਸੀ ਵਿਚ ਤੂਫਾਨ ਕਾਰਨ ਭਾਰੀ ਜਾਨ-ਮਾਲ ਨੁਕਸਾਨ ਹੋਣ ਦੀ ਸੂਚਨਾ ਹੈ।
ਲੂਈਸਿਆਨਾ ਤੋਂ ਲੈ ਕੇ ਅਪਲੇਸ਼ੀਅਨ ਪਰਬਤੀ ਖੇਤਰ ਵਿਚ ਸੈਂਕੜੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਤੂਫਾਨ ਦਾ ਸਾਇਰਨ ਵੱਜਣ ਮਗਰੋਂ ਕਈ ਲੋਕਾਂ ਨੇ ਐਤਵਾਰ ਰਾਤ ਨੂੰ ਅਲਮਾਰੀਆਂ, ਬਾਥਰੂਮ ਦੇ ਟੱਬਾਂ ਵਿਚ ਬੈਠ ਕੇ ਰਾਤ ਬਤੀਤ ਕੀਤੀ। ਲੋਕਾਂ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਬਹੁਤ ਭਿਆਨਕ ਤੇ ਦਰਦਨਾਕ ਸਮਾਂ ਹੈ।
ਏਜੰਸੀ ਮੁਤਾਬਕ ਮਿਸੀਸਿਪੀ ਵਿਚ ਘੱਟੋ-ਘੱਟ 11 ਲੋਕ ਮਾਰੇ ਗਏ, ਜਦੋਂ ਕਿ ਦੱਖਣੀ ਕੈਰੋਲੀਨਾ ਵਿਚ 9 ਅਤੇ ਜਾਰਜੀਆ ਵਿਚ 7 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ ਉੱਤਰੀ ਕੈਰੋਲੀਨਾ,ਟੈਨੇਸੀ ਅਤੇ ਅਰਕਨਸਾਸ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਹੋਰ ਲੋਕਾਂ ਦੀ ਮੌਤ ਘਰਾਂ ਦੀਆਂ ਛੱਤਾਂ ਡਿਗਣ ਅਤੇ ਦਰੱਖਤ ਡਿਗਣ ਕਾਰਨ ਹੋਈ ਹੈ।
ਰਾਤ ਭਰ ਤੂਫਾਨ ਅੱਗੇ ਵਧਦਾ ਗਿਆ, ਜਿਸ ਕਾਰਨ ਹੜ੍ਹ ਆਇਆ, ਪਰਬਤੀ ਖੇਤਰਾਂ ਵਿਚ ਮਿੱਟੀ ਧੱਸ ਗਈ। ਸੈਂਕੜੇ ਦਰੱਖਤ ਡਿੱਗੇ ਤੇ ਕਈ ਘਰਾਂ ਦੀਆਂ ਛੱਤਾਂ ਢਹਿ ਗਈਆਂ। ਮਲਬੇ ਹੇਠੋਂ ਵੀ ਕਈ ਲਾਸ਼ਾਂ ਕੱਢੀਆਂ ਗਈਆਂ। ਤੂਫਾਨ ਕਾਰਨ 10 ਲੱਖ ਤੋਂ ਵਧੇਰੇ ਘਰਾਂ ਅਤੇ ਵਪਾਰਕ ਅਦਾਰਿਆਂ ਦੀ ਬੱਤੀ ਗੁੱਲ ਹੋ ਗਈ।
ALERT : ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਨਾ ਹੋਵੋ ਬੇਫਿਕਰ, ਜਾਣੋ ਮਾਹਿਰਾਂ ਦੀ ਸਲਾਹ
NEXT STORY