ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਵਿਚ ਇਸਲਾਮਾਬਾਦ ਦੀ ਇਕ ਸੈਸ਼ਨ ਅਦਾਲਤ ਨੇ ਮੰਗਲਵਾਰ ਨੂੰ ਕਿਹਾ ਕਿ ਤੋਸ਼ਖਾਨਾ ਮਾਮਲੇ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ 7 ਫਰਵਰੀ ਨੂੰ ਦੋਸ਼ ਤੈਅ ਕੀਤੇ ਜਾਣਗੇ। ਪਿਛਲੇ ਸਾਲ, ਸੱਤਾਧਾਰੀ ਗੱਠਜੋੜ ਦੇ ਸੰਸਦ ਮੈਂਬਰਾਂ ਵੱਲੋਂ ਇਮਰਾਨ ਖਾਨ 'ਤੇ ਇਹ ਦੋਸ਼ ਲਗਾਉਂਦੇ ਹੋਏ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਉਨ੍ਹਾਂ ਨੇ ਤੋਸ਼ਖਾਨੇ ਤੋਂ ਲਏ ਗਏ ਤੋਹਫ਼ਿਆਂ ਅਤੇ ਉਨ੍ਹਾਂ ਦੀ ਕਥਿਤ ਵਿਕਰੀ ਤੋਂ ਹੋਣ ਵਾਲੀ ਆਮਦਨ ਦੇ ਵੇਰਵੇ ਸਾਂਝੇ ਨਹੀਂ ਕੀਤੇ।
ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ 21 ਅਕਤੂਬਰ ਨੂੰ ਸਿੱਟਾ ਕੱਢਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਅਸਲ ਵਿੱਚ ਤੋਹਫ਼ਿਆਂ ਬਾਰੇ "ਝੂਠੇ ਬਿਆਨ ਅਤੇ ਗ਼ਲਤ ਐਲਾਨ" ਕੀਤੇ ਸਨ। ਇਸ ਫ਼ੈਸਲੇ ਦਾ ਪੀਟੀਆਈ ਨੇ ਵਿਆਪਕ ਵਿਰੋਧ ਕੀਤਾ ਸੀ। ਨਿਗਰਾਨੀ ਸੰਸਥਾ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਮਰਾਨ ਨੂੰ ਸੰਵਿਧਾਨ ਦੀ ਧਾਰਾ 63(1)(ਪੀ) ਤਹਿਤ ਅਯੋਗ ਹੋ ਗਏ ਹਨ। ਇਸ ਤੋਂ ਬਾਅਦ, ਈਸੀਪੀ ਨੇ ਹਵਾਲੇ ਦੀ ਇੱਕ ਕਾਪੀ ਦੇ ਨਾਲ ਇਸਲਾਮਾਬਾਦ ਸੈਸ਼ਨ ਅਦਾਲਤ ਤੱਕ ਪਹੁੰਚ ਕੀਤੀ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਵਿਦੇਸ਼ੀ ਪਤਵੰਤਿਆਂ ਤੋਂ ਮਿਲੇ ਤੋਹਫ਼ਿਆਂ ਬਾਰੇ ਕਥਿਤ ਤੌਰ 'ਤੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵਿੱਚ ਇਮਰਾਨ ਵਿਰੁੱਧ ਅਪਰਾਧਿਕ ਕਾਨੂੰਨ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ।
ਪਿਛਲੀ ਸੁਣਵਾਈ 'ਚ ਅਦਾਲਤ ਨੇ ਈਸੀਪੀ ਦੀ ਪਟੀਸ਼ਨ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਐਡੀਸ਼ਨਲ ਸੈਸ਼ਨ ਜੱਜ ਜ਼ਫਰ ਇਕਬਾਲ ਨੇ ਮੰਗਲਵਾਰ ਸਵੇਰੇ ਪੀਟੀਆਈ ਦੇ ਵਕੀਲ ਅਲੀ ਬੁਖਾਰੀ ਅਤੇ ਈਸੀਪੀ ਦੇ ਵਕੀਲ ਸਾਦ ਹਸਨ ਦੀ ਮੌਜੂਦਗੀ ਵਿੱਚ ਇਹ ਫ਼ੈਸਲਾ ਸੁਣਾਇਆ। ਇਸ ਦੌਰਾਨ, ਪੀਟੀਆਈ ਮੁਖੀ - ਜੋ ਕਿ 3 ਨਵੰਬਰ ਨੂੰ ਇੱਕ ਰੈਲੀ ਦੌਰਾਨ ਹੱਤਿਆ ਦੀ ਕੋਸ਼ਿਸ਼ ਦੌਰਾਨ ਗੋਲੀ ਲੱਗਣ ਤੋਂ ਬਾਅਦ ਠੀਕ ਹੋ ਰਹੇ ਹਨ - ਨੇ ਅੱਜ ਦੀ ਸੁਣਵਾਈ ਤੋਂ ਛੋਟ ਦੀ ਮੰਗ ਕੀਤੀ ਸੀ। ਅੱਜ ਸੁਣਵਾਈ ਦੌਰਾਨ ਅਦਾਲਤ ਨੇ ਬੁਖਾਰੀ ਤੋਂ ਪੁੱਛਿਆ ਕਿ ਇਮਰਾਨ ਦੀ ਪਾਵਰ ਆਫ਼ ਅਟਾਰਨੀ ਕਿੱਥੇ ਹੈ।
ਦੂਜੇ ਪਾਸੇ ਈਸੀਪੀ ਦੇ ਵਕੀਲ ਹਸਨ ਨੇ ਕਿਹਾ ਕਿ ਪਾਵਰ ਆਫ਼ ਅਟਾਰਨੀ ਉਦੋਂ ਤੱਕ ਪੇਸ਼ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ 'ਇਮਰਾਨ ਖਾਨ ਖੁਦ ਅਦਾਲਤ ਵਿੱਚ ਨਹੀਂ ਆਉਂਦੇ'। ਪੀਟੀਆਈ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਇਮਰਾਨ ਦਾ ਮੈਡੀਕਲ ਸਰਟੀਫਿਕੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ, ''ਮੈਨੂੰ ਪੰਜ ਮਿੰਟ ਦਿਓ, ਬੈਰਿਸਟਰ ਗੋਹਰ (ਅਦਾਲਤ) ਪਹੁੰਚਣ ਹੀ ਵਾਲੇ ਹਨ।'' ਇਸ ਤੋਂ ਬਾਅਦ ਜੱਜ ਨੇ ਬੁਖਾਰੀ ਨੂੰ ਅੱਜ ਇਮਰਾਨ ਦੀ ਪਾਵਰ ਆਫ ਅਟਾਰਨੀ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਸੁਣਵਾਈ ਦੌਰਾਨ ਇਕ ਸਮੇਂ, ਪੀਟੀਆਈ ਅਤੇ ਈਸੀਪੀ ਦੇ ਵਕੀਲਾਂ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਐਡਵੋਕੇਟ ਹਸਨ ਨੇ ਅਦਾਲਤ ਨੂੰ ਸਾਬਕਾ ਪ੍ਰਧਾਨ ਮੰਤਰੀ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਬੇਨਤੀ ਕੀਤੀ। ਜੱਜ ਇਕਬਾਲ ਨੇ ਇਮਰਾਨ ਨੂੰ 20,000 ਰੁਪਏ ਦਾ ਜ਼ਮਾਨਤੀ ਬਾਂਡ ਜਮ੍ਹਾ ਕਰਨ ਅਤੇ ਅਗਲੀ ਸੁਣਵਾਈ 'ਤੇ ਅਦਾਲਤ 'ਚ ਨਿੱਜੀ ਹਾਜ਼ਰੀ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ।
ਜੀ-20 : ਬੈਠਕ ’ਚ ਹਿੱਸਾ ਲੈਣਗੇ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ
NEXT STORY