ਵਾਸ਼ਿੰਗਟਨ- ਅਮਰੀਕਾ ਦੀ ਸੰਸਦ 'ਤੇ ਟਰੰਪ ਸਮਰਥਕਾਂ ਦੇ ਹਿੰਸਕ ਪ੍ਰਦਰਸ਼ਨ ਵਿਚਕਾਰ ਹੁਣ ਰਾਸ਼ਟਰਪਤੀ ਟਰੰਪ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਟਰੰਪ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਧਿਆਨ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸੱਤਾ ਤਬਦੀਲ ਕਰਨ 'ਤੇ ਹੈ। ਅਮਰੀਕੀ ਸੰਸਦ ਵਲੋਂ ਬੁੱਧਵਾਰ ਨੂੰ ਬਾਈਡੇਨ ਦੀ ਜਿੱਤ ਦੀ ਪੁਸ਼ਟੀ ਕਰਨ ਦੇ ਬਾਅਦ ਟਰੰਪ ਸਮਰਥਕਾਂ ਨੇ ਅਮਰੀਕੀ ਸੰਸਦ ਦੀ ਘੇਰਾਬੰਦੀ ਕੀਤੀ ਅਤੇ ਇਮਾਰਤ ਅੰਦਰ ਦਾਖ਼ਲ ਹੋ ਕੇ ਪੁਲਸ ਨਾਲ ਹਿੰਸਕ ਝੜਪ ਕੀਤੀ।
ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੈਲੀ ਮੈਕਐਨੀ ਨੇ ਅਮਰੀਕੀ ਕੈਪੀਟਲ 'ਤੇ ਹੋਏ ਹਥਿਆਰਬੰਦ ਵਿਦਰੋਹ ਦੀ ਨਿੰਦਾ ਕੀਤੀ ਹੈ। ਇਸ ਤੋਂ ਪਹਿਲਾਂ ਟਰੰਪ ਦੀ ਚੁੱਪੀ ਕਾਰਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਅਤੇ ਵਿਦੇਸ਼ੀ ਮੁਖੀਆਂ ਨੇ ਟਰੰਪ ਨੂੰ ਘੇਰਿਆ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ ਕਿ ਟਰੰਪ ਨੇ ਇਹ ਹਿੰਸਾ ਭੜਕਾਈ ਹੈ।
ਟਰੰਪ ਨੇ ਤਾਜ਼ਾ ਸੰਦੇਸ਼ ਵਿਚ ਕਿਹਾ ਕਿ 20 ਜਨਵਰੀ ਨੂੰ ਇਕ ਨਵਾਂ ਪ੍ਰਸ਼ਾਸਨ ਸ਼ੁਰੂ ਹੋ ਜਾਵੇਗਾ ਅਤੇ ਇਹ ਪਲ ਸ਼ਾਂਤੀ ਬਣਾਈ ਰੱਖਣ ਲਈ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸੰਸਦ ਵਿਚ ਦਾਖ਼ਲ ਹੋ ਕੇ ਹਿੰਸਾ ਕੀਤੀ, ਉਨ੍ਹਾਂ ਨੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਇਆ ਹੈ। ਜੋ ਲੋਕ ਹਿੰਸਾ ਵਿਚ ਸ਼ਾਮਲ ਸਨ, ਉਹ ਅਸਲੀ ਅਮਰੀਕਾ ਦਾ ਪ੍ਰਦਰਸ਼ਨ ਨਹੀਂ ਕਰ ਰਹੇ ਸਨ। ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਵਿਚ ਮੁੜ ਸ਼ਾਂਤੀ ਬਹਾਲ ਹੋਵੇ।
ਆਸਟ੍ਰੇਲੀਆ ‘ਚ ਵਿਦਿਆਰਥੀਆਂ ਨੂੰ ਮਿਲੀ ਇਹ ਖੁੱਲ੍ਹ, ਪੜ੍ਹਾਈ ਦੇ ਨਾਲ ਵਧੇਰੇ ਕਰ ਸਕਣਗੇ ਕਮਾਈ
NEXT STORY