ਮੋਗਾਦਿਸ਼ੂ (ਭਾਸ਼ਾ)- ਸੋਮਾਲੀਆ ਦੇ ਰਾਸ਼ਟਰਪਤੀ ਨੇ ਐਤਵਾਰ ਨੂੰ ਕਿਹਾ ਕਿ ਰਾਜਧਾਨੀ ਮੋਗਾਦਿਸ਼ੂ 'ਚ ਸ਼ਨੀਵਾਰ ਨੂੰ ਹੋਏ ਦੋ ਕਾਰ ਬੰਬ ਧਮਾਕਿਆਂ 'ਚ ਘੱਟੋ-ਘੱਟ 100 ਲੋਕ ਮਾਰੇ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਐਤਵਾਰ ਤੜਕੇ ਇੱਕ ਘਟਨਾ ਸਥਾਨ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕਿਆਂ 'ਚ ਕਰੀਬ 300 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਬੇਹੱਦ ਬੇਰਹਿਮ ਅਤੇ ਕਾਇਰਤਾਪੂਰਨ ਕਰਾਰ ਦਿੱਤਾ। ਅਜੇ ਤੱਕ ਕਿਸੇ ਵੀ ਸਮੂਹ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਸੋਮਾਲੀਆ ਸਰਕਾਰ ਨੇ ਹਮਲਿਆਂ ਲਈ ਅਲ-ਕਾਇਦਾ ਨਾਲ ਜੁੜੇ ਅਲ-ਸ਼ਬਾਬ ਅੱਤਵਾਦੀ ਸਮੂਹ 'ਤੇ ਦੋਸ਼ ਲਗਾਇਆ ਹੈ, ਜੋ ਰਾਜਧਾਨੀ 'ਚ ਲਗਾਤਾਰ ਹਮਲੇ ਕਰ ਰਿਹਾ ਹੈ।

ਮੋਗਾਦਿਸ਼ੂ 'ਚ ਇਹ ਹਮਲੇ ਉਸ ਦਿਨ ਹੋਏ ਜਦੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਅਲ-ਸ਼ਬਾਬ ਸਮੇਤ ਅੱਤਵਾਦੀ ਸਮੂਹਾਂ ਨਾਲ ਲੜਨ ਦੇ ਵਿਸਤ੍ਰਿਤ ਯਤਨਾਂ 'ਤੇ ਚਰਚਾ ਕਰਨ ਲਈ ਬੈਠਕ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾ ਧਮਾਕਾ ਸਿੱਖਿਆ ਮੰਤਰਾਲੇ ਦੀ ਚਾਰਦੀਵਾਰੀ ਦੇ ਬਾਹਰ ਹੋਇਆ, ਜਦਕਿ ਦੂਜਾ ਧਮਾਕਾ ਇੱਕ ਵਿਅਸਤ ਰੈਸਟੋਰੈਂਟ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਐਂਬੂਲੈਂਸ ਸੇਵਾ ਦੇ ਨਿਰਦੇਸ਼ਕ ਅਬਦੁਲਕਾਦਿਰ ਅਦਾਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਪਹਿਲੇ ਹਮਲੇ ਵਿੱਚ ਜ਼ਖਮੀ ਲੋਕਾਂ ਦੀ ਮਦਦ ਕਰਨ ਵਾਲੀ ਇੱਕ ਐਂਬੂਲੈਂਸ ਵੀ ਦੂਜੇ ਧਮਾਕੇ ਵਿੱਚ ਨਸ਼ਟ ਹੋ ਗਈ। ਇੱਕ ਚਸ਼ਮਦੀਦ ਗਵਾਹ ਅਬਦਿਰਜ਼ਾਕ ਹਸਨ ਨੇ ਕਿਹਾ ਕਿ ਜਦੋਂ ਦੂਜਾ ਧਮਾਕਾ ਹੋਇਆ ਤਾਂ ਮੈਂ 100 ਮੀਟਰ ਦੂਰ ਸੀ। ਮੈਂ ਜ਼ਮੀਨ 'ਤੇ ਪਈਆਂ ਲਾਸ਼ਾਂ ਨੂੰ ਗਿਣ ਨਹੀਂ ਸਕਿਆ।

ਅਕਤੂਬਰ 2017 'ਚ ਇਸੇ ਥਾਂ 'ਤੇ ਹੋਏ ਟਰੱਕ ਬੰਬ ਧਮਾਕੇ 'ਚ 500 ਲੋਕ ਮਾਰੇ ਗਏ ਸਨ। ਉਸ ਹਮਲੇ ਤੋਂ ਬਾਅਦ ਇਹ ਇਲਾਕੇ ਵਿੱਚ ਸਭ ਤੋਂ ਘਾਤਕ ਹੈ। ਪੰਜ ਸਾਲ ਪਹਿਲਾਂ ਵੀ ਇਸ ਥਾਂ 'ਤੇ ਵੱਡਾ ਧਮਾਕਾ ਹੋਇਆ ਸੀ, ਜਿਸ 'ਚ 500 ਤੋਂ ਵੱਧ ਲੋਕ ਮਾਰੇ ਗਏ ਸਨ। ਮਦੀਨਾ ਹਸਪਤਾਲ ਦੇ ਇੱਕ ਵਲੰਟੀਅਰ ਹਸਨ ਉਸਮਾਨ ਨੇ ਕਿਹਾ ਕਿ ਹਸਪਤਾਲ ਵਿੱਚ ਲਿਆਂਦੇ ਗਏ ਘੱਟੋ-ਘੱਟ 30 ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ। ਮੈਂ ਖੁਦ ਦੇਖਿਆ ਹੈ। ਆਮੀਨ ਐਂਬੂਲੈਂਸ ਸੇਵਾ ਨੇ ਕਿਹਾ ਕਿ ਇਸ ਨੇ ਘੱਟੋ-ਘੱਟ 35 ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਹੈ। ਮੌਕੇ 'ਤੇ ਮੌਜੂਦ ਐਸੋਸੀਏਟਿਡ ਪ੍ਰੈਸ (ਏਪੀ) ਦੇ ਇਕ ਰਿਪੋਰਟਰ ਨੇ ਦੱਸਿਆ ਕਿ ਦੂਜਾ ਧਮਾਕਾ ਦੁਪਹਿਰ ਨੂੰ ਇਕ ਵਿਅਸਤ ਰੈਸਟੋਰੈਂਟ ਦੇ ਸਾਹਮਣੇ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ-ਹੈਲੋਵੀਨ ਹਾਦਸਾ : ਹੁਣ ਤੱਕ 151 ਲੋਕਾਂ ਦੀ ਮੌਤ, ਸੁਨਕ, ਟਰੂਡੋ ਅਤੇ ਬਾਈਡੇਨ ਨੇ ਪ੍ਰਗਟਾਇਆ ਸੋਗ
ਪੱਤਰਕਾਰ ਨੇ ਕਿਹਾ ਕਿ ਸੜਕਾਂ 'ਤੇ ਵੱਡੀ ਗਿਣਤੀ 'ਚ ਲਾਸ਼ਾਂ ਪਈਆਂ ਹਨ, ਉਹ ਜਨਤਕ ਟਰਾਂਸਪੋਰਟ 'ਚ ਸਫਰ ਕਰ ਰਹੇ ਆਮ ਲੋਕ ਜਾਪਦੇ ਹਨ। ਸੋਮਾਲੀਆ ਜਰਨਲਿਸਟਸ ਸਿੰਡੀਕੇਟ ਨੇ ਆਪਣੇ ਸਹਿਯੋਗੀਆਂ ਅਤੇ ਪੁਲਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੂਜੇ ਧਮਾਕੇ 'ਚ ਇਕ ਪੱਤਰਕਾਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਦੇ ਸਾਹਮਣੇ ਗਿੜਗਿੜਾਇਆ ਪਾਕਿ-ਮਦਦ ਨਾ ਮਿਲੀ ਤਾਂ ਹਨ੍ਹੇਰੇ 'ਚ ਡੁੱਬ ਜਾਵੇਗਾ ਦੇਸ਼
NEXT STORY