ਲੰਡਨ (ਏਜੰਸੀ)- ਬ੍ਰਿਟੇਨ ਦੇ ਇਕ ਸਕੂਲ ਨੇ ਬੱਚੀਆਂ ਦੇ ਹਿਜ਼ਾਬ ਪਹਿਨਣ ’ਤੇ ਲਗਾਈ ਰੋਕ ਨੂੰ ਲੈ ਕੇ ਚਾਰੋ ਪਾਸੇ ਆਲੋਚਨਾ ਹੋਣ ਤੋਂ ਬਾਅਦ ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ। ਪੂਰਬੀ ਲੰਡਨ ਦੇ ਨਿਊਹੈਮ ਇਲਾਕੇ ਵਿਚ ਸਥਿਤ ਸੈਂਟਰ ਸਟੀਫੈਂਸ 11 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੇ ਹਿਜ਼ਾਬ ਪਹਿਨਣ ’ਤੇ ਰੋਕ ਦੀ ਯੋਜਨਾ ਬਣਾ ਰਿਹਾ ਸੀ। ਪਰ ਹੁਣ ਉਸ ਨੇ ਆਪਣੀ ਇਸ ਯੋਜਨਾ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸਕੂਲ ਨੇ ਇਕ ਬਿਆਨ ਵਿਚ ਕਿਹਾ ਕਿ ਸਕੂਲ ਯੂਨੀਫਾਰਮ ਦੀ ਨੀਤੀ ਬੱਚਿਆਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ’ਤੇ ਅਧਾਰਿਤ ਹੁੰਦੀ ਹੈ।
ਸਕੂਲ ਨੇ ਤੁਰੰਤ ਪ੍ਰਭਾਵ ਨਾਲ ਇਸ ਨੀਤੀ ਵਿਚ ਬਦਲਾਅ ਦਾ ਫੈਸਲਾ ਕੀਤਾ ਹੈ। ਸਕੂਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਅਸੀਂ ਆਪਣੇ ਬੱਚਿਆਂ ਦੇ ਹਿਤਾਂ ਮੁਤਾਬਕ ਇਸ ਨੀਤੀ ਦੀ ਸਮੀਖਿਆ ਲਈ ਸਕੂਲ ਕਮਿਊਨਿਟੀ ਦੇ ਨਾਲ ਮਿਲ ਕੇ ਕੰਮ ਕਰਾਂਗੇ। ਓਧਰ, ਬੱਚਿਆਂ ਦੇ ਹਿਜ਼ਾਬ ਪਹਿਨਣ ਅਤੇ ਰਮਜ਼ਾਨ ਦੌਰਾਨ ਰੋਜ਼ੇ ਰੱਖਣ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਨਾਲ ਸਖ਼ਤ ਰੁਖ ਅਪਨਾਉਣ ਦੀ ਸਿਫਾਰਿਸ਼ ਕਰਨ ਵਾਲੇ ਆਰਿਫ ਕਾਵੀ ਨੇ ਸਕੂਲ ਆਫ ਗਵਰਨਰਸ ਦੇ ਪ੍ਰਮੁੱਖ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਨਿਊਜ਼ ਪੇਪਰ ਮੁਤਾਬਕ ਸੋਸ਼ਲ ਮੀਡੀਆ ’ਤੇ ਹਮਲਾਵਰ ਟਿੱਪਣੀਆਂ ਤੋਂ ਬਾਅਦ ਕਾਵੀ ਨੇ ਅਸਤੀਫਾ ਦਿੱਤਾ ਹੈ। ਸਕੂਲ ਵਿਚ ਪੜਣ ਵਾਲੇ ਜ਼ਿਆਦਾਤਰ ਵਿਦਿਆਰਥੀ ਭਾਰਤੀ, ਪਾਕਿਸਤਾਨੀ ਜਾਂ ਬੰਗਲਾਦੇਸ਼ੀ ਪਿਛੋਕੜ ਵਾਲੇ ਹਨ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਇਸ ਮੰਨੇ-ਪ੍ਰਮੰਨੇ ਸਰਕਾਰੀ ਵਿੱਤੀ ਪੋਸ਼ਣ ਸਕੂਲ ਨੇ ਬੱਚਿਆਂ ਦੇ ਹਿਜ਼ਾਬ ਪਹਿਨਣ ਅਤੇ ਰਮਜ਼ਾਨ ਦੌਰਾਨ ਰੋਜ਼ਾ ਰੱਖਣ ’ਤੇ ਸਰਕਾਰ ਨੂੰ ਸਖ਼ਤ ਰੁੱਖ ਅਪਨਾਉਣ ਦੀ ਅਪੀਲ ਕੀਤੀ ਸੀ। ਇਹ ਸਕੂਲ ਦੇਸ਼ ਵਿਚ ਅਜਿਹਾ ਪਹਿਲਾ ਸਕੂਲ ਹੈ, ਜਿਸ ਨੇ ਸਾਲ 2016 ਵਿਚ 8 ਸਾਲ ਤੱਕ ਦੀਆਂ ਕੁੜੀਆਂ ਦੇ ਹਿਜ਼ਾਬ ਪਹਿਨਣ ’ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਸਕੂਲ ਦੀ ਸਤੰਬਰ 2018 ਤੋਂ 11 ਸਾਲ ਤੱਕ ਦੀਆਂ ਕੁੜੀਆਂ ਲਈ ਹਿਜ਼ਾਬ ਨੂੰ ਪਾਬੰਦੀਸ਼ੁਦਾ ਕਰਨ ਦੀ ਯੋਜਨਾ ਸੀ।
ਅਫਗਾਨਿਸਤਾਨ 'ਚ ਬੰਬ ਧਮਾਕਾ, 12 ਮਰੇ
NEXT STORY