ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਡਾਕਟਰ ਸ਼ਿਰੀਨ ਮਾਜ਼ਰੀ ਬ੍ਰਿਟੇਨ ਦੇ ਇਕ ਫ਼ੈਸਲੇ 'ਤੇ ਇੰਨੀ ਭੜਕ ਗਈ ਕਿ ਉਸ ਨੇ ਇਸ ਵਿਚ ਭਾਰਤ ਨੂੰ ਸ਼ਾਮਲ ਕਰ ਲਿਆ। ਅਸਲ ਵਿਚ ਉਹਨਾਂ ਦੇ ਗੁੱਸੇ ਹੋਣ ਦਾ ਕਾਰਨ ਬ੍ਰਿਟੇਨ ਵੱਲੋਂ ਪਾਕਿਸਤਾਨ ਨੂੰ ਰੈੱਡ ਲਿਸਟ ਵਿਚ ਪਾਉਣਾ ਹੈ। ਇਸ ਦੇ ਤਹਿਤ ਬ੍ਰਿਟੇਨ ਨੇ ਪਾਕਿਸਤਾਨ ਤੋਂ ਆਉਣ ਵਾਲਿਆਂ ਨੂੰ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਲੋਕਾਂ ਲਈ ਕੋਰੋਨਾ ਦੇ ਲੱਛਣ ਆਉਣ 'ਤੇ ਉਹਨਾਂ ਨੂੰ ਬ੍ਰਿਟੇਨ ਵਿਚ ਕੁਆਰੰਟੀਨ ਕਰਨਾ ਜ਼ਰੂਰੀ ਦੱਸਿਆ ਗਿਆ ਹੈ ਜਦਕਿ ਇਹ ਨਿਯਮ ਭਾਰਤੀਆਂ 'ਤੇ ਲਾਗੂ ਨਹੀਂ ਹੈ।
ਇੱਥੇ ਦੱਸ ਦਈਏ ਕਿ ਇਕ ਪਾਕਿਸਤਾਨੀ ਨਾਗਰਿਕ ਨੇ ਟਵੀਟ ਕੀਤਾ ਸੀ ਕਿ ਜਿਸ ਵਿਚ ਉਸ ਨੇ ਦੱਸਿਆ ਸੀ ਕਿ ਉਸ ਨੂੰ ਕੁਆਰੰਟੀਨ ਲਈ ਬ੍ਰਿਟੇਨ ਵਿਚ 1750 ਪੌਂਡ ਪ੍ਰਤੀ ਵਿਅਕਤੀ ਖਰਚ ਕਰਨਾ ਪੈ ਰਿਹਾ ਹੈ। ਇਸ ਦੇ ਜਵਾਬ ਵਿਚ ਮਾਜ਼ਰੀ ਨੇ ਟਵੀਟ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਅਣਮਨੁੱਖੀ ਹੈ। ਇਹ ਨਿਯਮ ਸਿਰਫ ਉਹਨਾਂ ਲੋਕਾਂ 'ਤੇ ਲਾਗੂ ਹੋ ਰਿਹਾ ਹੈ ਜੋ ਪਾਕਿਸਤਾਨੀ ਹਨ ਜਾਂ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਹਨ। ਇਹ ਨਿਯਮ ਭਾਰਤੀਆਂ 'ਤੇ ਲਾਗੂ ਨਹੀਂ ਹੋ ਰਿਹਾ ਹੈ ਜਦਕਿ ਉੱਥੇ ਦੁਨੀਆ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਉਹਨਾਂ ਮੁਤਾਬਕ ਪਾਕਿਸਤਾਨ ਨੂੰ ਰੈੱਡ ਲਿਸਟ ਕੀਤੇ ਜਾਣ ਦਾ ਵੱਡਾ ਕਾਰਨ ਪਾਕਿਸਤਾਨ ਨਾਲ ਕੀਤਾ ਜਾਣ ਵਾਲਾ ਦੁਰਵਿਵਹਾਰ ਹੈ।
ਆਪਣੇ ਟਵੀਟ ਵਿਚ ਉਹਨਾਂ ਨੇ ਲਿਖਿਆ ਹੈ ਕਿ ਇਹ ਬ੍ਰਿਟੇਨ ਦੇ ਪਾਕਿਸਤਾਨੀ ਲੋਕਾਂ ਪ੍ਰਤੀ ਵਿਤਕਰੇ ਵਾਲੇ ਰਵੱਈਏ ਨੂੰ ਦਰਸਾਉਂਦਾ ਹੈ। ਆਪਣੇ ਟਵੀਟ ਵਿਚ ਉਹਨਾਂ ਨੇ ਉਸ ਪਾਕਿਸਤਾਨੀ ਨਾਗਰਿਕ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਦੇ ਟਵੀਟ 'ਤੇ ਉਹਨਾਂ ਨੇ ਜਵਾਬ ਦਿੱਤਾ ਹੈ। ਇਹਨਾਂ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਨੂੰ ਖਾਣ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਛੋਟੇ ਬੱਚਿਆਂ ਨੂੰ ਜਿਹੜਾ ਭੋਜਨ ਮਿਲ ਰਿਹਾ ਹੈ ਉਹ ਬਹੁਤ ਠੰਡਾ ਹੈ ਜਿਸ ਨਾਲ ਬੱਚੇ ਬੀਮਾਰ ਹੋ ਸਕਦੇ ਹਨ। ਇਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਰੀਬ 18-19 ਪਰਿਵਾਰਾਂ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਅਪਨਾਇਆ ਜਾ ਰਿਹਾ ਹੈ। ਕੁਆਰੰਟੀਨ ਹੋਏ ਇਕ ਪਾਕਿਸਤਾਨੀ ਨਾਗਰਿਕ ਦਾ ਕਹਿਣਾ ਹੈ ਕਿ ਬ੍ਰਿਟੇਨ ਨੂੰ ਮਨੁੱਖੀ ਅਧਿਕਾਰਾਂ ਦੇ ਤਹਿਤ ਹੀ ਸਹੀ ਪਰ ਪਾਕਿਸਤਾਨੀਆਂ ਨਾਲ ਚੰਗਾ ਵਤੀਰਾ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖਬਰ- ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਭਾਰੂ ਪੈ ਸਕਦੀ ਹੈ ਕੋਰੋਨਾ ਆਫ਼ਤ!
ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਬ੍ਰਿਟੇਨ ਦੇ ਹਾਈ ਕਮਿਸ਼ਨਰ ਕ੍ਰਿਸਟੀਯਨ ਟਰਨਰ ਨੇ ਕਿਹਾ ਸੀ ਕਿ ਬ੍ਰਿਟੇਨ ਨੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਪਾਕਿਸਤਾਨ ਤੋਂ ਆਉਣ ਵਾਲੇ ਨਾਗਰਿਕਾਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ। ਇਸ ਦੇ ਤਹਿਤ ਪਾਕਿਸਤਾਨ ਨੂੰ ਉਸ ਰੈੱਡ ਲਿਸਟ ਵਿਚ ਪਾਇਆ ਗਿਆ ਹੈ ਜਿਸ ਵਿਚ ਪਹਿਲਾਂ ਤੋਂ ਕੁਝ ਹੋਰ ਦੇਸ਼ ਸ਼ਾਮਲ ਹਨ। ਇਸ ਆਦੇਸ਼ ਦੇ ਨਾਲ ਹੀ ਪਾਕਿਸਤਾਨ ਤੋਂ ਸਿਰਫ ਆਈਰਿਸ਼ ਅਤੇ ਬ੍ਰਿਟਿਸ਼ ਮੂਲ ਦੇ ਨਾਗਰਿਕ ਹੀ ਬ੍ਰਿਟੇਨ ਜਾ ਸਕਦੇ ਹਨ। ਭਾਵੇਂਕਿ ਬ੍ਰਿਟੇਨ ਨੇ ਪਾਕਿਸਤਾਨ ਤੋਂ ਜਾਣ ਵਾਲੀਆਂ ਸਿੱਧੀਆਂ ਉਡਾਣਾਂ ਨੂੰ ਰੱਦ ਨਹੀਂ ਕੀਤਾ। ਬ੍ਰਿਟੇਨ ਦੇ ਇਸ ਆਦੇਸ਼ ਦਾ ਕਈ ਪਾਕਿਸਤਾਨੀ ਨਾਗਰਿਕਾਂ ਨੇ ਵਿਰੋਧ ਵੀ ਕੀਤਾ ਹੈ।
ਨੋਟ- ਬ੍ਰਿਟੇਨ ਦੇ ਇਕ ਫ਼ੈਸਲੇ ਤੋਂ ਭੜਕੀ ਪਾਕਿ ਮੰਤਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡੀ ਖ਼ਬਰ: ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਭਾਰਤ ਦੌਰਾ ਕੀਤਾ ਰੱਦ
NEXT STORY