ਕੀਵ (ਇੰਟ.)– ਰੂਸ ਦੇ ਸਰਹੱਦੀ ਇਲਾਕੇ ਬੇਲਗੋਰੋਡ ਵਿਚ ਯੂਕ੍ਰੇਨੀ ਡਰੋਨ ਹਮਲਿਆਂ ਵਿਚ 2 ਲੋਕ ਮਾਰੇ ਗਏ ਅਤੇ 2 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਖੇਤਰੀ ਸੰਚਾਲਨ ਹੈੱਡਕੁਆਰਟਰ ਨੇ ਦੱਸਿਆ ਕਿ ਬੋਰੀਸੋਵਸਕੀ ਜ਼ਿਲੇ ਦੇ ਬੇਰੀਓਜ਼ੋਵਕਾ ਪਿੰਡ ਵਿਚ ਇਕ ਡਰੋਨ ਨੇ ਇਕ ਵਾਹਨ ’ਤੇ ਹਮਲਾ ਕੀਤਾ, ਜਿਸ ਨਾਲ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਹੋਰ ਡਰੋਨ ਗ੍ਰੈਵੋਰੋਨ ਜ਼ਿਲੇ ਵਿਚ ਫਟ ਗਿਆ, ਜਿਸ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਹਮਲੇ 5 ਥਾਵਾਂ ’ਤੇ ਹੋਏ, ਜਿਸ ਨਾਲ ਨਿੱਜੀ ਘਰਾਂ, ਵਾਹਨਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਰੂਸੀ ਰੱਖਿਆ ਮੰਤਰਾਲੇ ਨੇ ਪਹਿਲਾਂ ਦੱਸਿਆ ਸੀ ਕਿ ਉਸ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ ਨੇ ਪਿਛਲੇ ਦਿਨ 230 ਡਰੋਨਾਂ ਨੂੰ ਡੇਗ ਦਿੱਤਾ ਹੈ। ਇਸ ਦੇ ਜਵਾਬ ਵਿਚ ਰੂਸ ਨੇ ਯੂਕ੍ਰੇਨ ਦੇ ਕੀਵ ਦੇ ਬਾਹਰ ਵਿਸ਼ਗੋਰੋਡ ਵਿਚ ਇਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ’ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਕਾਰਨ ਇਮਾਰਤ ਨੂੰ ਅੱਗ ਲੱਗ ਗਈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 4 ਬੱਚਿਆਂ ਸਮੇਤ 19 ਹੋਰ ਜ਼ਖਮੀ ਹੋ ਗਏ।
ਇਕ ਦਿਨ ਪਹਿਲਾਂ ਯੂਕ੍ਰੇਨ ਨੇ ਕਾਲਾ ਸਾਗਰ ਵਿਚ ਰੂਸ ਦੇ ਤੇਲ ਟੈਂਕਰਾਂ ’ਤੇ ਇਕ ਵੱਡਾ ਹਮਲਾ ਕੀਤਾ ਸੀ। ਯੂਕ੍ਰੇਨੀ ਸੁਰੱਖਿਆ ਸੇਵਾਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ‘ਸੀ ਬੇਬੀ’ ਸਮੁੰਦਰੀ ਡਰੋਨਾਂ ਨੇ 2 ਰੂਸੀ ਤੇਲ ਟੈਂਕਰਾਂ ‘ਵਿਰਾਟ’ ਅਤੇ ‘ਕਾਇਰੋਸ’ ’ਤੇ ਹਮਲਾ ਕੀਤਾ, ਜੋ ਅੰਤਰਰਾਸ਼ਟਰੀ ਪਾਬੰਦੀਆਂ ਦੀ ਉਲੰਘਣਾ ਕਰ ਕੇ ਰੂਸੀ ਤੇਲ ਦੀ ਸਮੱਗਲਿੰਗ ਕਰ ਰਹੇ ਸਨ।
ਸ਼੍ਰੀਲੰਕਾ 'ਚ ਭਾਰਤ ਦਾ 'ਆਪਰੇਸ਼ਨ ਸਾਗਰ ਬੰਧੂ' ਜਾਰੀ, NDRF ਨੇ 9 ਮਹੀਨੇ ਦੀ ਗਰਭਵਤੀ ਔਰਤ ਨੂੰ ਸੁਰੱਖਿਅਤ ਕੱਢਿਆ
NEXT STORY