ਵਾਸ਼ਿੰਗਟਨ - ਅਮਰੀਕਾ ਵਿਚ ਚੀਨ ਦੇ ਫ਼ੌਜੀ-ਉਦਯੋਗਿਕ ਨੈੱਟਵਰਕ ’ਤੇ ਸ਼ਿਕੰਜਾ ਕੱਸਣ ਦੀ ਦਿਸ਼ਾ ਵਿਚ ਇਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਰਿਪਬਲਿਕਨ ਪਾਰਟੀ ਦੇ ਦੋ ਸੀਨੀਅਰ ਸੰਸਦ ਮੈਂਬਰਾਂ ਨੇ ਅਜਿਹਾ ਕਾਨੂੰਨ ਪ੍ਰਸਤਾਵਿਤ ਕੀਤਾ ਹੈ ਜਿਸ ਦੇ ਤਹਿਤ ਚੀਨੀ ਸੰਸਥਾਵਾਂ ਅਤੇ ਵਿਅਕਤੀਆਂ ’ਤੇ ਪਾਬੰਦੀਆਂ ਲਾਉਣ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਸਮਾਂਬੱਧ ਬਣਾਇਆ ਜਾਵੇਗਾ।
ਇਹ ਬਿੱਲ ਰਿਕ ਸਕਾਟ ਅਤੇ ਐਲਿਸ ਸਟੇਫਾਨਿਕ ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਨੂੰ ‘ਸੀ. ਸੀ. ਪੀ. ਸੈਂਕਸ਼ਨਜ਼ ਸ਼ਾਟ ਕਲਾਕ ਐਕਟ’ ਦਾ ਨਾਂ ਦਿੱਤਾ ਗਿਆ ਹੈ। ਮਤੇ ਅਨੁਸਾਰ ਅਮਰੀਕੀ ਖਜ਼ਾਨਾ ਵਿਭਾਗ ਨੂੰ ਉਨ੍ਹਾਂ ਚੀਨੀ ਵਿਅਕਤੀਆਂ ਅਤੇ ਕੰਪਨੀਆਂ ਖਿਲਾਫ ਇਕ ਨਿਸ਼ਚਿਤ ਸਮਾਂ ਹੱਦ ਅੰਦਰ ਕਾਰਵਾਈ ਕਰਨੀ ਹੋਵੇਗੀ, ਜਿਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਮੰਨਿਆ ਗਿਆ ਹੈ।
ਇਸ ਬਿੱਲ ਤਹਿਤ ਰਾਸ਼ਟਰਪਤੀ ਦੀ ਰਿਪੋਰਟ ਤੋਂ ਬਾਅਦ 1 ਸਾਲ ਅੰਦਰ-ਅੰਦਰ ਖਜ਼ਾਨਾ ਵਿਭਾਗ ਨੂੰ ਸਬੰਧਤ ਸੰਸਥਾਵਾਂ ਨੂੰ ਪਾਬੰਦੀਸ਼ੁਦਾ ਸੂਚੀ ’ਚ ਸ਼ਾਮਲ ਕਰਨਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਇਸ ਸੂਚੀ ਨੂੰ ਅਧਿਕਾਰਤ ਫੈਡਰਲ ਰਜਿਸਟਰ ਵਿਚ ਪ੍ਰਕਾਸ਼ਿਤ ਕਰਨਾ ਵੀ ਜ਼ਰੂਰੀ ਹੋਵੇਗਾ।
ਮੌਜੂਦਾ ਵਿਵਸਥਾ ਵਿਚ ਰਾਸ਼ਟਰਪਤੀ ਹਰ 2 ਸਾਲਾਂ ’ਚ ਅਜਿਹੀ ਰਿਪੋਰਟ ਜਾਰੀ ਕਰਦੇ ਹਨ ਪਰ ਖਜ਼ਾਨਾ ਵਿਭਾਗ ਲਈ ਕਾਰਵਾਈ ਕਰਨ ਦੀ ਕੋਈ ਤੈਅ ਸਮਾਂ-ਸੀਮਾ ਨਹੀਂ ਹੈ। ਨਵਾਂ ਮਤਾ ਇਸੇ ਦੇਰੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਲਿਆਂਦਾ ਗਿਆ ਹੈ।
ਵਿਸ਼ਲੇਸ਼ਕਾਂ ਅਨੁਸਾਰ ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਵਿਚ ਹੋਰ ਵਾਧੇ ਦਾ ਸੰਕੇਤ ਦੇ ਸਕਦਾ ਹੈ, ਖ਼ਾਸ ਕਰ ਕੇ ਰੱਖਿਆ, ਤਕਨਾਲੋਜੀ ਅਤੇ ਗਲੋਬਲ ਸਪਲਾਈ ਚੇਨ ਦੇ ਖੇਤਰਾਂ ਵਿਚ।
ਚੀਨੀ ਕੰਪਨੀਆਂ ’ਤੇ ਆਰਥਿਕ ਨਿਰਭਰਤਾ ਘਟਾਉਣੀ ਜ਼ਰੂਰੀ
ਐਲਿਸ ਸਟੇਫਾਨਿਕ ਨੇ ਕਿਹਾ ਕਿ ਇਹ ਬਿੱਲ ਚੀਨ ਦੇ ਫ਼ੌਜੀ ਪਸਾਰ ਨਾਲ ਜੁੜੀਆਂ ਕੰਪਨੀਆਂ ’ਤੇ ਅਮਰੀਕਾ ਦੀ ਆਰਥਿਕ ਨਿਰਭਰਤਾ ਘਟਾਉਣ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਇਹ ਯਕੀਨੀ ਬਣਾਏਗਾ ਕਿ ਖਜ਼ਾਨਾ ਵਿਭਾਗ ਹੁਣ ਚੀਨ ਦੇ ਬੁਰੇ ਪ੍ਰਭਾਵ ਅਤੇ ਫ਼ੌਜੀ ਪਸਾਰ ਨਾਲ ਜੁੜੀਆਂ ਸੰਸਥਾਵਾਂ ਖਿਲਾਫ ਕਾਰਵਾਈ ਕਰਨ ਵਿਚ ਦੇਰੀ ਨਾ ਕਰ ਸਕੇ।
ਸਟੇਫਾਨਿਕ ਨੇ ਕਿਹਾ ਕਿ ਪਿਛਲੇ ਸਾਲ ਕਾਂਗਰਸ ਨੇ ਪ੍ਰਸ਼ਾਸਨ ਕੋਲੋਂ ਉਨ੍ਹਾਂ ਚੀਨੀ ਕੰਪਨੀਆਂ ਦੀ ਰਿਪੋਰਟ ਮੰਗੀ ਸੀ, ਜੋ ਸਖ਼ਤ ਪਾਬੰਦੀਆਂ ਦੇ ਦਾਇਰੇ ਵਿਚ ਆ ਸਕਦੀਆਂ ਹਨ। ‘ਸੀ. ਸੀ. ਪੀ. ਸੈਂਕਸ਼ਨਜ਼ ਸ਼ਾਟ ਕਲਾਕ ਐਕਟ’ ਇਹ ਯਕੀਨੀ ਬਣਾਏਗਾ ਕਿ ਅਮਰੀਕਾ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਖ਼ਤਰਿਆਂ ’ਤੇ ਤੇਜ਼ੀ ਨਾਲ ਜਵਾਬ ਦੇ ਸਕੇ ਅਤੇ ਸ਼ੱਕੀ ਕੰਪਨੀਆਂ ’ਤੇ ਜਲਦ ਪਾਬੰਦੀਆਂ ਲਗਾਈਆਂ ਜਾ ਸਕਣ।
ਟਰੰਪ ਪ੍ਰਸ਼ਾਸਨ 'ਚ ਵੱਡਾ ਉਲਟਫੇਰ! ਤੁਲਸੀ ਗਬਾਰਡ ਨੇ ਖੁਫੀਆ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY