ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਵਿਸਕੌਨਸਿਨ ਸੂਬੇ 'ਚ 'ਵਿਸਕੌਨਸਿਨ ਡੈੱਲਸ' ਨੇੜੇ ਇੱਕ ਛੋਟਾ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਹੈ। ਸੌਕ ਕਾਊਂਟੀ ਸ਼ੈਰਿਫ਼ ਆਫ਼ਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਹਾਦਸੇ 'ਚ ਜਹਾਜ਼ ਵਿੱਚ ਸਵਾਰ ਇੱਕ ਬੱਚੇ ਸਮੇਤ ਸਾਰੇ 6 ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ 6 ਸੀਟਾਂ ਵਾਲਾ ਇਹ ਸਿੰਗਲ-ਇੰਜਣ 'ਪਾਈਪਰ PA-46' ਜਹਾਜ਼ ਕੇਨੋਸ਼ਾ ਤੋਂ ਮੇਨੋਮੋਨੀ ਵੱਲ ਜਾ ਰਿਹਾ ਸੀ। ਬੁੱਧਵਾਰ ਰਾਤ ਕਰੀਬ 9:30 ਤੋਂ 10:00 ਵਜੇ ਦੇ ਦਰਮਿਆਨ 'ਮਿਰਰ ਲੇਕ ਸਟੇਟ ਪਾਰਕ' ਨੇੜੇ ਡੇਲੋਨਾ ਕਸਬੇ ਦੇ ਜੰਗਲੀ ਇਲਾਕੇ 'ਚ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਦੱਸਿਆ ਕਿ ਜਹਾਜ਼ 24,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ ਜਦੋਂ ਪਾਇਲਟ ਨੇ ਜਹਾਜ਼ 'ਤੇ ਬਰਫ਼ ਜੰਮ ਜਾਣ ਦੀ ਰਿਪੋਰਟ ਕੀਤੀ ਅਤੇ ਹੇਠਾਂ ਆਉਣ ਦੀ ਇਜਾਜ਼ਤ ਮੰਗੀ।
ਏਅਰ ਟ੍ਰੈਫਿਕ ਕੰਟਰੋਲ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਤੇਜ਼ੀ ਵੱਲ ਹੇਠਾਂ ਆਉਣ ਲੱਗ ਪਿਆ, ਜਿਸ ਦੌਰਾਨ ਅਚਾਨਕ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਉਸ ਸਮੇਂ ਇਲਾਕੇ 'ਚ ਤੇਜ਼ ਤੂਫ਼ਾਨ ਅਤੇ ਮੀਂਹ ਪੈ ਰਿਹਾ ਸੀ। ਜਦੋਂ ਜਹਾਜ਼ ਦੇ ਕ੍ਰੈਸ਼ ਹੋਣ ਦੀ ਖ਼ਬਰ ਮਿਲੀ ਤਾਂ ਸਰਚ ਟੀਮਾਂ ਇਸ ਨੂੰ ਲੱਭਣ ਲਈ ਨਿਕਲੀਆਂ, ਜਿਸ ਮਗਰੋਂ ਜਹਾਜ਼ ਦੇ ਮਲਬੇ ਸਣੇ ਜਹਾਜ਼ ਸਵਾਰ 5 ਬਾਲਗ ਅਤੇ 1 ਬੱਚਾ ਮ੍ਰਿਤਕ ਪਾਏ ਗਏ। ਸ਼ੈਰਿਫ਼ ਆਫ਼ਿਸ ਅਨੁਸਾਰ, ਜ਼ਮੀਨ 'ਤੇ ਕਿਸੇ ਵਿਅਕਤੀ ਜਾਂ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਮ੍ਰਿਤਕਾਂ ਦੀ ਪਛਾਣ ਅਜੇ ਅਧਿਕਾਰਤ ਤੌਰ 'ਤੇ ਜਨਤਕ ਨਹੀਂ ਕੀਤੀ ਗਈ ਹੈ।
ਅਮਰੀਕੀ ਫੈਡਰਲ ਏਵੀਏਸ਼ਨ ਅਥਾਰਟੀ ਅਤੇ NTSB ਦੀਆਂ ਜਾਂਚ ਟੀਮਾਂ ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਅਤੇ ਪਾਇਲਟ ਦੁਆਰਾ ਕੀਤੀ ਗਈ ਆਖਰੀ ਗੱਲਬਾਤ ਦੀ ਜਾਂਚ ਕਰ ਰਹੀਆਂ ਹਨ, ਤਾਂ ਜੋ ਪਤਾ ਲੱਗ ਸਕੇ ਕਿ ਇਹ ਹਾਦਸਾ ਕਿਸੇ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਸੀ।
ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ; ਬਚਾਅ ਕਾਰਜ ਸ਼ੁਰੂ, ਅੱਠ ਲੋਕ ਲਾਪਤਾ
NEXT STORY