ਵਾਸ਼ਿੰਗਟਨ(ਏਜੰਸੀ)— ਅਮਰੀਕਾ ਨੇ ਸਾਊਦੀ ਅਰਬ ਦੇ ਉਨ੍ਹਾਂ ਅਧਿਕਾਰੀਆਂ ਦਾ ਵੀਜ਼ਾ ਰੱਦ ਕਰਨ ਦੀ ਘੋਸ਼ਣਾ ਕੀਤੀ ਹੈ ਜੋ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ 'ਚ ਕਥਿਤ ਤੌਰ 'ਤੇ ਸ਼ਾਮਲ ਹਨ। ਸਾਊਦੀ ਅਰਬ ਨੇ ਸਵੀਕਾਰ ਕੀਤਾ ਹੈ ਕਿ ਤੁਰਕੀ ਦੇ ਇਸਤਾਂਬੁਲ 'ਚ ਉਸ ਦੇ ਵਣਜ ਦੂਤਘਰ 'ਚ 59 ਸਾਲਾ ਪੱਤਰਕਾਰ ਖਸ਼ੋਗੀ ਦਾ ਕਤਲ ਹੋ ਗਿਆ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਇਸ ਮਾਮਲੇ ਨਾਲ ਜੁੜੇ ਹਰ ਮਹੱਤਵਪੂਰਣ ਤੱਥ ਦੀ ਮੰਗ ਕਰਦਾ ਰਹੇਗਾ ਅਤੇ ਦੇਸ਼ ਦੀ ਸੰਸਦ ਤੇ ਹੋਰ ਦੇਸ਼ਾਂ ਨਾਲ ਮਿਲ ਕੇ ਅਮਰੀਕਾ ਉਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕੰਮ ਕਰੇਗਾ ਜੋ ਇਸ ਕਤਲ 'ਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਇਸ ਮਾਮਲੇ ਨਾਲ ਸਬੰਧਤ ਜੋ ਜਾਣਕਾਰੀਆਂ ਹਨ, ਉਸ 'ਤੇ ਪ੍ਰਸ਼ਾਸਨ ਸਹੀ ਕਾਰਵਾਈ ਕਰ ਰਿਹਾ ਹੈ। ਪੋਂਪੀਓ ਨੇ ਕਿਹਾ ਕਿ ਅਮਰੀਕਾ ਨੇ ਖਸ਼ੋਗੀ ਦੇ ਕਤਲ 'ਚ ਸ਼ਾਮਲ ਕੁਝ ਲੋਕਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਲੋਕਾਂ 'ਚ ਸਾਊਦੀ ਅਰਬ ਦੀ ਖੁਫੀਆ ਸਰਵਿਸ, ਰਾਇਲ ਕੋਰਟ ਅਤੇ ਸਾਊਦੀ ਵਿਦੇਸ਼ ਮੰਤਰਾਲੇ ਦੇ ਲੋਕ ਹਨ। ਖਸ਼ੋਗੀ ਦਾ ਸਬੰਧ ਪਹਿਲੇ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਨਾਲ ਸੀ ਪਰ ਬਾਅਦ 'ਚ ਉਹ ਵਲੀ ਅਹਿਦ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਦੇ ਆਲੋਚਕ ਬਣ ਗਏ। ਖਸ਼ੋਗੀ ਆਪਣਾ ਵਿਆਹ ਕਰਵਾਉਣ ਲਈ ਕੁੱਝ ਦਸਤਾਵੇਜ਼ ਲੈਣ ਲਈ ਦੋ ਅਕਤੂਬਰ ਨੂੰ ਇਸਤਾਂਬੁਲ 'ਚ ਸਾਊਦੀ ਅਰਬ ਦੇ ਵਣਜ ਦੂਤਘਰ ਗਿਆ ਸੀ, ਜਿੱਥੋਂ ਉਹ ਲਾਪਤਾ ਹੋ ਗਿਆ। ਇਸ ਘਟਨਾ ਨੇ ਕੌਮਾਂਤਰੀ ਪੱਧਰ 'ਤੇ ਮੁਹੰਮਦ ਬਿਨ ਸਲਮਾਨ ਦੇ ਰੁਤਬੇ ਨੂੰ ਡੂੰਘੀ ਸੱਟ ਮਾਰੀ ਸੀ।
ਅੱਤਵਾਦ ਮੁੱਦੇ 'ਤੇ ਪਾਕਿ ਨੂੰ ਜਵਾਬਦੇਹ ਠਹਿਰਾਵਾਂਗੇ : ਮਾਈਕ ਪੋਂਪਿਓ
NEXT STORY