ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਆਵਾਜਾਈ ਅਧਿਕਾਰੀਆਂ ਵੱਲੋਂ ਇਕ ਇੰਸਪੈਕਟਰ ਨੂੰ ਪੁਲ ’ਚ ਆਈ ਹੋਈ ਤਰੇੜ ਨੂੰ ਧਿਆਨ ’ਚ ਨਾ ਲਿਆਉਣ ਕਰਕੇ ਬਰਖਾਸਤ ਕੀਤਾ ਗਿਆ ਹੈ। ਇਸ ਮਾਮਲੇ ’ਚ ਅਰਕਨਸਾਸ ਸੂਬੇ ਦੇ ਆਵਾਜਾਈ ਅਧਿਕਾਰੀਆਂ ਨੇ ਸੋਮਵਾਰ ਦੱਸਿਆ ਕਿ ਇਕ ਇੰਸਪੈਕਟਰ ਨੂੰ ਅਰਕਨਸਾਸ ਅਤੇ ਟੈਨੇਸੀ ਨੂੰ ਜੋੜਨ ਵਾਲੇ ਇੰਟਰਸਟੇਟ 40 ਦੇ ਪੁਲ ਵਿੱਚ ਆਈ ਹੋਈ ਤਰੇੜ ਨੂੰ ਦੋ ਵਾਰ ਨੋਟਿਸ ਕਰਨ ’ਚ ਅਸਫਲ ਰਹਿਣ ਕਰਕੇ ਨੌਕਰੀ ਤੋਂ ਕੱਢਿਆ ਗਿਆ ਹੈ। ਅਰਕਨਸਾਸ ਦੇ ਟਰਾਂਸਪੋਰਟੇਸ਼ਨ ਦੀ ਡਾਇਰੈਕਟਰ ਲੌਰੀ ਟਿਊਡਰ ਅਨੁਸਾਰ ਮਈ 2019 ’ਚ ਮਿਸੀਸਿਪੀ ਨਦੀ ਦੇ ਪੁਲ ’ਤੇ ਪਈ ਤਰੇੜ ਨੂੰ ਡਰੋਨ ਦੀ ਵੀਡੀਓ ਰਾਹੀਂ ਸਾਹਮਣੇ ਆਉਣ ਤੋਂ ਬਾਅਦ ਇੰਸਪੈਕਟਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਇੰਸਪੈਕਟਰ ਵੱਲੋਂ ਉਸਦੀਆਂ ਰਿਪੋਰਟਾਂ ’ਚ ਤਰੇੜ ਦਾ ਪਤਾ ਨਹੀਂ ਲਗਾਇਆ ਗਿਆ ਸੀ।
ਵਿਭਾਗੀ ਜਾਂਚ ਦੇ ਅਨੁਸਾਰ ਇਸ ਕਰਮਚਾਰੀ ਨੇ 2019 ਤੇ 2020 ’ਚ ਪੁਲ ਦਾ ਨਿਰੀਖਣ ਕੀਤਾ ਸੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣ ’ਚ ਅਸਫਲ ਰਿਹਾ, ਜੋ ਮਨਜ਼ੂਰ ਨਹੀਂ ਹੈ। ਹਾਲਾਂਕਿ ਵਿਭਾਗ ਨੇ ਕਰਮਚਾਰੀ ਦਾ ਨਾਂ ਨਹੀਂ ਦੱਸਿਆ ਹੈ । ਅਰਕਨਸਾਸ ਦੇ ਡੀ. ਓ. ਟੀ. ਨੇ ਸੋਮਵਾਰ ਡਰੋਨ ਰਾਹੀਂ ਲਈ ਗਈ ਇੱਕ ਫੋਟੋ ਅਤੇ ਵੀਡੀਓ ਨੂੰ ਜਾਰੀ ਕੀਤਾ ਹੈ, ਜਿਸ ’ਚ ਇਹ ਕਰੈਕ ਦਿਖਾਈ ਦਿੱਤਾ ਹੈ। ਇਸ ਡਰੋਨ ਦੀ ਫੁਟੇਜ ਇੱਕ ਅਧਿਕਾਰੀ ਵੱਲੋਂ ਪੁਲ ਦੀਆਂ ਤਾਰਾਂ ਦਾ ਮੁਆਇਨਾ ਕਰਦਿਆਂ ਲਈ ਗਈ ਸੀ। ਇਸ ਛੇ ਲੇਨ ਵਾਲੇ ਪੁਲ ’ਤੇ ਟ੍ਰੈਫਿਕ ਨੂੰ ਸੁਰੱਖਿਆ ਦੇ ਮੱਦੇਨਜ਼ਰ ਪਿਛਲੇ ਮੰਗਲਵਾਰ ਬੰਦ ਕਰ ਦਿੱਤਾ ਗਿਆ ਸੀ । ਇੰਸਪੈਕਟਰਾਂ ਨੇ 900 ਫੁੱਟ ਦੇ ਸਟੀਲ ਦੇ ਬੀਮ ’ਚ ਤਰੇੜ ਨੂੰ ਲੱਭਿਆ ਸੀ, ਜੋ ਪੁਲ ਦੀ ਸਥਿਤੀ ਲਈ ਨਾਜ਼ੁਕ ਸੀ। ਟਿਊਡਰ ਅਨੁਸਾਰ ਬਰਖਾਸਤ ਕੀਤੇ ਕਰਮਚਾਰੀ ਵੱਲੋਂ ਜਾਂਚ ਕੀਤੇ ਗਏ ਸਾਰੇ ਪੁਲਾਂ ਦਾ ਮੁੜ ਤੋਂ ਮੁਆਇਨਾ ਕੀਤਾ ਜਾਵੇਗਾ ਕਿਉਂਕਿ ਲੱਗਭਗ 15 ਸਾਲਾਂ ਤੋਂ ਵਿਭਾਗ ਲਈ ਕੰਮ ਕਰਨ ਵਾਲੇ ਕਰਮਚਾਰੀ ਨੇ ਪੁਲ ਦੇ ਮੁਆਇਨੇ ’ਚ ਸਹੀ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ।
ਅਮਰੀਕਾ : ਜਹਾਜ਼ ਦੇ ਚਾਲਕ ਅਮਲੇ ਨਾਲ ਯਾਤਰੀ ਨੇ ਕੀਤਾ ਮਾੜਾ ਵਤੀਰਾ, ਹੋਇਆ ਹਜ਼ਾਰਾਂ ਡਾਲਰਾਂ ਦਾ ਜੁਰਮਾਨਾ
NEXT STORY