ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਨਾਬਾਲਗਾ ਨੇ 90 ਲੱਖ ਡਾਲਰ ਦੇ ਲਾਲਚ ਵਿਚ ਫਸ ਕੇ ਆਪਣੀ ਬੈਸਟ ਫ੍ਰੈਂਡ ਦੀ ਹੱਤਿਆ ਕਰ ਦਿੱਤੀ। ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਮੁਤਾਬਕ,''ਅਲਾਸਕਾ ਦੀ ਰਹਿਣ ਵਾਲੀ 18 ਸਾਲਾ ਡੇਨਾਲੀ ਬ੍ਰੇਮਰ ਦੀ ਇੰਡੀਆਨਾ ਦੇ ਵਸਨੀਕ 21 ਸਾਲਾ ਡੇਰਿਨ ਸ਼ਿਲੀਮਲਰ ਨਾਲ ਆਨਲਾਈਨ ਦੋਸਤੀ ਹੋਈ। ਸ਼ਿਲੀਮਲਰ ਨੇ ਆਨਲਾਈਨ ਖੁਦ ਨੂੰ ਬਹੁਤ ਅਮੀਰ ਵਿਅਕਤੀ ਦੱਸਿਆ। ਉਸ ਨੇ ਬ੍ਰੇਮਰ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਜੇਕਰ ਉਹ ਆਪਣੀ ਬੈਸਟ ਫ੍ਰੈਂਡ ਦੀ ਹੱਤਿਆ ਕਰ ਦਿੰਦੀ ਹੈ ਤਾਂ ਉਹ ਉਸ ਨੂੰ 90 ਲੱਖ ਡਾਲਰ ਦੀ ਰਾਸ਼ੀ ਦੇਵੇਗਾ।''
ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ,'' ਆਨਲਾਈਨ ਗੱਲਬਾਤ ਦੌਰਾਨ ਦੋਹਾਂ ਨੇ ਅਲਾਸਕਾ ਵਿਚ ਕਿਸੇ ਦੇ ਬਲਾਤਕਾਰ ਅਤੇ ਹੱਤਿਆ ਦੇ ਸਬੰਧ ਵਿਚ ਚਰਚਾ ਕੀਤੀ ਸੀ। ਸ਼ਿਲੀਮਲਰ ਨੇ ਬ੍ਰੇਮਰ ਨੂੰ ਵਾਅਦਾ ਕੀਤਾ ਸੀ ਕਿ ਜੇਕਰ ਉਹ ਵਾਰਦਾਤ ਦਾ ਵੀਡੀਓ ਅਤੇ ਤਸਵੀਰਾਂ ਉਸ ਨੂੰ ਭੇਜਦੀ ਹੈ ਤਾਂ ਉਸ ਨੂੰ 90 ਲੱਖ ਡਾਲਰ ਜਾਂ ਉਸ ਤੋਂ ਵੱਧ ਰਾਸ਼ੀ ਮਿਲੇਗੀ।'' ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰੇਮਰ ਨੇ ਇਸ ਕੰਮ ਲਈ ਆਪਣੇ ਨਾਲ ਚਾਰ ਹੋਰ ਲੋਕਾਂ ਨੂੰ ਜੋੜਿਆ। ਸਾਰਿਆਂ ਨੇ ਮਿਲ ਕੇ ਬ੍ਰੇਮਰ ਦੀ ਦੋਸਤ ਸਿੰਥਿਆ ਹਾਫਮੈਨ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ।
ਅਧਿਕਾਰੀਆਂ ਨੇ ਦੱਸਿਆ,''ਯੋਜਨਾ ਮੁਤਾਬਕ ਉਹ 2 ਜੂਨ ਨੂੰ 10 ਸਾਲਾ ਹਾਫਮੈਨ ਨੂੰ ਆਪਣੇ ਨਾਲ ਪਹਾੜ 'ਤੇ ਚੜ੍ਹਨ ਲਈ ਲੈ ਗਏ। ਉੱਥੇ ਉਨ੍ਹਾਂ ਨੇ ਹਾਫਮੈਨ ਦੇ ਹੱਥ-ਪੈਰ ਬੰਨ੍ਹੇ, ਫਿਰ ਉਸ ਦੇ ਸਿਰ ਵਿਚ ਪਿੱਛਿਓਂ ਦੀ ਗੋਲੀ ਮਾਰੀ ਅਤੇ ਨਦੀ ਵਿਚ ਸੁੱਟ ਦਿੱਤਾ। ਉਸ ਦੀ ਲਾਸ਼ 4 ਜੂਨ ਨੂੰ ਮਿਲੀ।'' ਅਧਿਕਾਰੀਆਂ ਨੇ ਦੱਸਿਆ ਕਿ ਬ੍ਰੇਮਰ ਨੇ ਇਸ ਪੂਰੇ ਘਟਨਾਕ੍ਰਮ ਦੌਰਾਨ ਸ਼ਿਲੀਮਲਰ ਨੂੰ ਹਾਫਮੈਨ ਦੀਆਂ ਸਨੈਪਚੈਟ ਤਸਵੀਰਾਂ ਅਤੇ ਵੀਡੀਓ ਭੇਜੇ। ਬੀਤੇ ਸ਼ੁੱਕਰਵਾਰ ਗ੍ਰੈਂਡ ਜਿਊਰੀ ਨੇ ਸਾਰੇ 6 ਦੋਸ਼ੀਆਂ ਨੂੰ ਪ੍ਰਥਮ ਸ਼੍ਰੇਣੀ ਹੱਤਿਆ ਦਾ ਦੋਸ਼ੀ ਠਹਿਰਾਇਆ ਅਤੇ ਇਸ ਦੇ ਨਾਲ ਹੀ ਸਬੰਧਤ ਹੋਰ ਮਾਮਲਿਆਂ ਵਿਚ ਵੀ ਇਨ੍ਹਾਂ ਨੂੰ ਦੋਸ਼ੀ ਪਾਇਆ ਗਿਆ।
ਆਸਟ੍ਰੇਲੀਆ ਦੇ ਇਸ ਸੂਬੇ 'ਚ 'ਇੱਛਾ ਮੌਤ' ਨੂੰ ਮਿਲੀ ਕਾਨੂੰਨੀ ਮਾਨਤਾ
NEXT STORY