ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਸਾਲ 2020 ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਪਰ ਇਸ ਬਾਰੇ ਹੁਣ ਤੋਂ ਹੀ ਅਟਕਲਾਂ ਸ਼ੁਰੂ ਹੋ ਗਈਆਂ ਹਨ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੇ ਹਾਲ ਵਿਚ ਹੀ ਇਕ ਸਰਵੇ ਕਰਵਾਇਆ ਸੀ। ਇਸ ਸਰਵੇ ਦੇ ਨਤੀਜੇ ਮੰਗਲਵਾਰ (29 ਜਨਵਰੀ) ਨੂੰ ਜਾਰੀ ਕੀਤੇ ਗਏ। ਨਤੀਜਿਆਂ ਮੁਤਾਬਕ 56 ਫੀਸਦੀ ਲੋਕ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਦਾ ਨਹੀਂ ਦੇਖਣਾ ਚਾਹੁੰਦੇ।
ਸਰਵੇਖਣ ਵਿਚ ਜਿਹੜੇ ਨਤੀਜੇ ਜਾਰੀ ਕੀਤੇ ਗਏ ਹਨ ਉਹ ਡੋਨਾਲਡ ਟਰੰਪ ਲਈ ਚੰਗੇ ਸਾਬਤ ਹੁੰਦੇ ਨਜ਼ਰ ਨਹੀਂ ਆ ਰਹੇ। ਨਤੀਜਿਆਂ ਮੁਤਾਬਕ 56 ਫੀਸਦੀ ਲੋਕਾਂ ਨੇ ਟਰੰਪ ਨੂੰ ਦੁਬਾਰਾ ਚੁਣਨ ਲਈ ਵੋਟ ਦੇਣ ਤੋਂ ਇਨਕਾਰ ਕੀਤਾ ਹੈ। ਇਹ ਅੰਕੜਾ ਅੱਧੇ ਤੋਂ ਵੱਧ ਹੈ। 28 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਰੀਪਬਲਿਕ ਪਾਰਟੀ ਦੇ ਉਮੀਦਵਾਰ ਨੂੰ ਵੋਟ ਕਰਨਗੇ ਜਦਕਿ 14 ਫੀਸਦੀ ਨੇ ਕਿਹਾ ਕਿ ਉਹ ਕਿਸੇ ਹੋਰ ਸ਼ਖਸੀਅਤ ਨੂੰ ਵੋਟ ਦੇਣ 'ਤੇ ਵਿਚਾਰ ਕਰਨਗੇ।
ਇਸ ਸਰਵੇਖਣ ਵਿਚ ਇਹ ਵੀ ਪਾਇਆ ਗਿਆ ਕਿ ਰੀਪਬਲਿਕਨ ਪਾਰਟੀ ਵਿਚ ਇਕ ਤਿਹਾਈ ਮੈਂਬਰ ਸਾਲ 2020 ਦੀਆਂ ਚੋਣਾਂ ਲਈ ਟਰੰਪ ਨੂੰ ਦੁਬਾਰਾ ਨਾਮਜ਼ਦ ਕਰਨ ਦੇ ਪੱਖ ਵਿਚ ਨਹੀਂ ਹਨ। ਗ੍ਰੈਂਡ ਓਲਡ ਪਾਰਟੀ ਦੇ ਪ੍ਰਤੀ ਝੁਕਾਅ ਵਾਲੇ 75 ਫੀਸਦੀ ਰੀਪਬਲਿਕਨ ਅਤੇ ਆਜ਼ਾਦ ਮੈਂਬਰ ਹਾਲੇ ਵੀ ਰਾਸ਼ਟਰਪਤੀ ਦਾ ਸਮਰਥਨ ਕਰ ਰਹੇ ਹਨ। ਜੇਕਰ ਗੱਲ ਡੈਮੋਕ੍ਰੇਟਿਕ ਪਾਰਟੀ ਦੀ ਕਰੀਏ ਤਾਂ ਡੈਮੋਕ੍ਰੇਟਸ ਅਤੇ ਆਜ਼ਾਦ ਉਮੀਦਵਾਰਾਂ ਵਿਚੋਂ 44 ਫੀਸਦੀ ਦਾ ਝੁਕਾਅ ਉਨ੍ਹਾਂ ਦੀ ਪਾਰਟੀ ਦੀ ਨਾਮਜ਼ਦਗੀ ਲਈ ਹੈ। ਪਰ ਇਸ ਸਮੇਂ ਕਿਸੇ ਵੀ ਉਮੀਦਵਾਰ ਕੋਲ ਸਪੱਸ਼ਟ ਬਹੁਮਤ ਬੜਤ ਨਹੀਂ ਹੈ। ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਅਤੇ ਕੈਲੀਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ ਕੋਲ ਕ੍ਰਮਵਾਰ 9 ਅਤੇ 8 ਫੀਸਦੀ ਪਸੰਦੀਦਾ ਵੋਟ ਹਨ। ਸਰਵੇਖਣ 1,001 ਲੋਕਾਂ ਦੀ ਵੋਟ ਦੇ ਆਧਾਰ 'ਤੇ ਕੀਤਾ ਗਿਆ। ਇਹ ਸਰਵੇ 21 ਤੋਂ 24 ਜਨਵਰੀ ਵਿਚਕਾਰ ਕੀਤਾ ਗਿਆ ਸੀ।
ਵੱਡੀ ਕਾਰਵਾਈ : ਅਮਰੀਕਾ ਨੇ 600 ਭਾਰਤੀ ਵਿਦਿਆਰਥੀ ਭੇਜੇ ਹਵਾਲਾਤ
NEXT STORY