ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਮਿਨੀਆਪੋਲਿਸ ਦੇ ਸਾਬਕਾ ਪੁਲਸ ਅਧਿਕਾਰੀ, ਡੈਰੇਕ ਚੌਵਿਨ ਨੂੰ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੇ ਕਤਲ ਮਾਮਲੇ ਵਿੱਚ 22 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੈਨੇਪਿਨ ਕਾਉਂਟੀ ਜ਼ਿਲ੍ਹਾ ਅਦਾਲਤ ਦੇ ਜੱਜ ਪੀਟਰ ਕੈਹਿਲ ਨੇ ਇਹ ਸਜ਼ਾ ਦਿੰਦਿਆਂ ਕਿਹਾ ਕਿ ਉਸ ਦੀ ਸਜ਼ਾ ਸਟੇਟ ਦੀ 12.5 ਸਾਲਾਂ ਦੇ ਸਜ਼ਾ-ਦਿਸ਼ਾ ਨਿਰਦੇਸ਼ਾਂ ਨੂੰ ਪਾਰ ਕਰ ਗਈ ਹੈ ਕਿਉਂਕਿ ਚੌਵਿਨ ਨੇ ਆਪਣੇ ਅਧਿਕਾਰਾਂ ਤੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਫਲਾਇਡ ਪ੍ਰਤੀ ਜ਼ੁਲਮ ਨੂੰ ਪ੍ਰਦਰਸ਼ਿਤ ਕੀਤਾ ਸੀ।
ਇਸ ਤੋਂ ਪਹਿਲਾਂ ਅਪ੍ਰੈਲ ਵਿੱਚ, ਚੌਵਿਨ ਨੂੰ ਦੂਜੀ-ਡਿਗਰੀ ਕਤਲ, ਤੀਜੀ-ਡਿਗਰੀ ਕਤਲੇਆਮ ਆਦਿ ਦੇ ਦੋਸ਼ੀ ਠਹਿਰਾਇਆ ਗਿਆ ਸੀ। ਚੌਵਿਨ ਨੂੰ ਰਾਜ ਦੀ ਵੱਧ ਸੁਰੱਖਿਆ ਜੇਲ੍ਹ ਵਿੱਚ ਰੱਖਿਆ ਗਿਆ ਹੈ। ਪਿਛਲੇ ਸਾਲ ਇਸ ਗੋਰੇ ਪੁਲਿਸ ਅਧਿਕਾਰੀ ਨੇ ਕਾਲੇ ਮੂਲ ਦੇ ਜਾਰਜ ਫਲਾਇਡ ਨਾਮ ਦੇ ਵਿਅਕਤੀ ਦੀ ਧੌਣ 'ਤੇ ਤਕਰੀਬਨ 9 ਮਿੰਟ ਤੋਂ ਉੱਪਰ ਤੱਕ ਆਪਣਾ ਗੋਡਾ ਰੱਖਿਆ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਇੱਕ ਵੀਡੀਓ ਦੇ ਵਾਇਰਲ ਹੋਣ ਨਾਲ ਦੇਸ਼ ਭਰ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਬਰੁਕਲਿਨ 'ਚ ਜਾਰਜ ਫਲਾਇਡ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ
ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਸ਼ੁੱਕਰਵਾਰ ਨੂੰ ਚੌਵਿਨ ਦੀ ਕੈਦ ਦੀ ਸਜ਼ਾ ਦਾ ਹੁੰਗਾਰਾ ਭਰਦਿਆਂ ਇਸਨੂੰ ਇੱਕ ਢੁੱਕਵੀਂ ਸਜ਼ਾ ਦੱਸਿਆ। ਹਾਲਾਂਕਿ ਚੰਗੇ ਵਿਹਾਰ ਨਾਲ, 45 ਸਾਲਾ ਚੌਵਿਨ ਨੂੰ ਉਸ ਦੀ ਦੋ-ਤਿਹਾਈ ਸਜ਼ਾ ਜਾਂ ਲੱਗਭਗ 15 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਪੈਰੋਲ ਦਿੱਤੀ ਜਾ ਸਕਦੀ ਹੈ। ਜੱਜ ਪੀਟਰ ਕੈਹਿਲ ਨੇ ਸ਼ੁੱਕਰਵਾਰ ਨੂੰ ਸਜ਼ਾ ਸੁਣਾਏ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਨਵੀਂ ਟ੍ਰਾਇਲ ਪਟੀਸ਼ਨ ਲਈ ਡੈਰੇਕ ਚੌਵਿਨ ਦੇ ਪ੍ਰਸਤਾਵ ਤੋਂ ਇਨਕਾਰ ਕਰ ਦਿੱਤਾ ਸੀ। ਜਾਰਜ ਫਲਾਇਡ ਦੇ ਪਰਿਵਾਰ ਅਤੇ ਵਕੀਲਾਂ ਵੱਲੋਂ ਡੈਰੇਕ ਨੂੰ ਜ਼ਿਆਦਾ ਸਜ਼ਾ ਦੇਣ ਦੀ ਅਪੀਲ ਕੀਤੀ ਸੀ।
ਮੈਕਸੀਕੋ ਤੱਟ ਨਾਲ ਟਕਰਾਇਆ ਤੂਫਾਨ 'ਏਨਰਿਕ', ਚਿਤਾਵਨੀ ਜਾਰੀ
NEXT STORY