ਇੰਟਰਨੈਸ਼ਨਲ ਡੈਸਕ- ਈਰਾਨ 'ਚ ਸਰਕਾਰ ਖ਼ਿਲਾਫ਼ ਛਿੜੇ ਹੋਏ ਦੇਸ਼ ਪੱਧਰੀ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ 'ਤੇ ਤਸ਼ੱਦਦ ਮਗਰੋਂ ਅਮਰੀਕਾ ਨੇ ਈਰਾਨ ਨੂੰ ਚਿਤਾਵਨੀ ਦਿੱਤੀ ਹੋਈ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੱਧ ਪੂਰਬ ਵਿੱਚ ਭਾਰੀ ਫੌਜੀ ਤਾਇਨਾਤੀ ਦੇ ਹੁਕਮਾਂ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਵਰਗੀ ਸਥਿਤੀ ਬਣ ਗਈ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਹਿੰਸਾ ਜਾਰੀ ਰੱਖੀ, ਤਾਂ ਅਮਰੀਕੀ ਫੌਜੀ ਕਾਰਵਾਈ ਪਿਛਲੇ ਸਾਲ ਦੇ ਹਮਲਿਆਂ ਨਾਲੋਂ ਕਿਤੇ ਜ਼ਿਆਦਾ ਭਿਆਨਕ ਹੋਵੇਗੀ।
ਅਮਰੀਕੀ ਜੰਗੀ ਬੇੜਾ USS ਅਬਰਾਹਮ ਲਿੰਕਨ ਅਤੇ 3 ਵਿਨਾਸ਼ਕਾਰੀ ਜਹਾਜ਼ ਹਿੰਦ ਮਹਾਂਸਾਗਰ ਵਿੱਚ ਪਹੁੰਚ ਚੁੱਕੇ ਹਨ ਅਤੇ ਇਰਾਨ ਵੱਲ ਵਧ ਰਹੇ ਹਨ। ਇਸ ਤਾਇਨਾਤੀ ਨਾਲ ਖੇਤਰ ਵਿੱਚ ਲਗਭਗ 5,700 ਵਾਧੂ ਸੈਨਿਕ ਪਹੁੰਚ ਜਾਣਗੇ। ਇਸ ਤੋਂ ਇਲਾਵਾ, ਅਮਰੀਕੀ ਹਵਾਈ ਸੈਨਾ ਦੇ F-15E ਸਟ੍ਰਾਈਕ ਈਗਲ ਲੜਾਕੂ ਜਹਾਜ਼ ਵੀ ਖੇਤਰ ਵਿੱਚ ਤਾਇਨਾਤ ਕੀਤੇ ਗਏ ਹਨ।
ਅਮਰੀਕੀ ਸਰਕਾਰ ਦੀ ਇਸ ਕਾਰਵਾਈ ਮਗਰੋਂ ਇਰਾਨ ਨੇ ਵੀ ਸਖ਼ਤ ਰੁਖ਼ ਅਪਣਾਇਆ ਹੈ ਤੇ ਸਪੱਸ਼ਟ ਕੀਤਾ ਹੈ ਕਿ ਉਹ ਅਮਰੀਕਾ ਦੇ ਕਿਸੇ ਵੀ ਹਮਲੇ ਨੂੰ ‘ਪੂਰਨ ਜੰਗ’ ਮੰਨੇਗਾ। ਇਰਾਨੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀ ਸੁਰੱਖਿਆ ਲਈ ਹਰ ਸੰਭਵ ਸਾਧਨ ਦੀ ਵਰਤੋਂ ਕਰਨਗੇ ਅਤੇ ਇਰਾਨੀ ਫੌਜ ਨੂੰ ‘ਹਾਈ ਅਲਰਟ’ 'ਤੇ ਰੱਖਿਆ ਹੈ।
ਇਹ ਵੀ ਪੜ੍ਹੋ- -40 ਡਿਗਰੀ ਤੱਕ ਡਿੱਗੇਗਾ ਪਾਰਾ ! ਸਕੂਲਾਂ ਬੰਦ, 12 ਸੂਬਿਆਂ 'ਚ ਐਮਰਜੈਂਸੀ ; US 'ਚ ਬਣੇ Ice Age ਵਰਗੇ ਹਾਲਾਤ
ਜ਼ਿਕਰਯੋਗ ਹੈ ਕਿ ਇਰਾਨ ਵਿੱਚ ਦਸੰਬਰ ਦੇ ਅਖੀਰ ਤੋਂ ਖ਼ਰਾਬ ਆਰਥਿਕਤਾ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਮਨੁੱਖੀ ਅਧਿਕਾਰ ਕਾਰਕੁਨਾਂ ਅਨੁਸਾਰ, ਸਰਕਾਰੀ ਸਖ਼ਤੀ ਕਾਰਨ ਹੁਣ ਤੱਕ 5,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਧਮਕੀਆਂ ਕਾਰਨ ਹੀ ਇਰਾਨ ਨੇ 800 ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦੇਣ ਦਾ ਫੈਸਲਾ ਟਾਲਿਆ ਹੈ।
ਇਰਾਨੀ ਹਥਿਆਰਬੰਦ ਸੈਨਾਵਾਂ ਦੇ ਬੁਲਾਰੇ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਸੁਪਰੀਮ ਲੀਡਰ ਆਇਤੁੱਲਾ ਖਾਮੇਨੇਈ ਵਿਰੁੱਧ ਕੋਈ ਕਾਰਵਾਈ ਹੋਈ ਤਾਂ ਉਹ ਦੁਨੀਆ ਨੂੰ ਅੱਗ ਲਗਾ ਦੇਣਗੇ। ਉੱਧਰ ਬ੍ਰਿਟੇਨ ਨੇ ਵੀ ਰੱਖਿਆਤਮਕ ਕਾਰਵਾਈ ਵਜੋਂ ਕਤਰ ਵਿੱਚ ਆਪਣੇ ‘ਟਾਈਫੂਨ’ ਲੜਾਕੂ ਜਹਾਜ਼ ਤਾਇਨਾਤ ਕੀਤੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਪਹਿਲਾਂ ਵੈਨੇਜ਼ੁਏਲਾ ਵੱਲ ਮੋੜੇ ਗਏ ਆਪਣੇ ਫੌਜੀ ਸਾਧਨਾਂ ਨੂੰ ਹੁਣ ਮੁੜ ਇਰਾਨ ਵੱਲ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ ਅਤੇ ਦੋਵੇਂ ਦੇਸ਼ ਇੱਕ-ਦੂਜੇ ਵਿਰੁੱਧ ਸਖ਼ਤ ਬਿਆਨਬਾਜ਼ੀ ਕਰ ਰਹੇ ਹਨ, ਜਿਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਖ਼ਤਰਾ ਹੋਰ ਵਧ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਦਾ ਪ੍ਰਵਾਸੀਆਂ ਨੂੰ ਇਕ ਹੋਰ ਕਰਾਰਾ ਝਟਕਾ ! ਨਵਾਂ ਨਿਯਮ ਹੋਇਆ ਲਾਗੂ, ਜੇਬ 'ਤੇ ਪਵੇਗਾ ਸਿੱਧਾ ਅਸਰ
NEXT STORY