ਵਾਸ਼ਿੰਗਟਨ (ਰਾਜ ਗੋਗਨਾ): ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਬਣੀ ਪਹਿਲੀ ਅੰਗਰੇਜ਼ੀ ਦਸਤਾਵੇਜ਼ੀ ਫ਼ਿਲਮ ਕ੍ਰਿਸਮਿਸ ਦੀਆਂ ਛੁੱਟੀਆਂ ਦੌਰਾਨ ਪੂਰੇ ਅਮਰੀਕਾ ਵਿਚ ਵੇਖੀ ਜਾਵੇਗੀ। ਇਹ ਫ਼ਿਲਮ 23 ਤੋਂ 25 ਦਸੰਬਰ ਨੂੰ, ਪਬਲਿਕ ਟੀਵੀ ਸਟੇਸ਼ਨਾਂ ਦੇ ਜ਼ਰੀਏ ਵਿਸ਼ਵ ਚੈਨਲ ਅਮਰੀਕਾ ਦੇ ਪ੍ਰਾਈਮ ਟਾਈਮ ਦੇ ਦੌਰਾਨ ਅਮਰੀਕਾ ਦੇ 80 ਫੀਸਦੀ ਹਿੱਸੇ ਵਿਚ ਵਿਖਾਏਗਾ।ਫ਼ਿਲਮ ਨਿਰਦੇਸ਼ਕਾਂ ਜੈਰੀ ਕਰੈਲ ਅਤੇ ਐਡਮ ਕਰੈਲ ਨੇ ਪਿਛਲੇ ਸਾਲ ਗੁਰੂ ਜੀ ਦੇ 550ਵੇਂ ਜਨਮ ਦਿਵਸ ਦੇ ਮੌਕੇ ਤੇ ਇਹ ਫ਼ਿਲਮ ਤਿਆਰ ਕਰਨ ਲਈ 10 ਮਹੀਨੇ ਬਿਤਾਏ। ਫ਼ਿਲਮ ਦੀ ਸ਼ੂਟਿੰਗ ਭਾਰਤ, ਪਾਕਿਸਤਾਨ ਅਤੇ ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿਚ ਕੀਤੀ ਗਈ ਸੀ।
ਗੁਰੂ ਜੀ ਦੇ ਇਤਿਹਾਸ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਮੁੱਖ ਨੁਕਤੇ ਬਿਆਨ ਕਰਨ ਤੋਂ ਇਲਾਵਾ, ਇਸ ਫ਼ਿਲਮ ਵਿਚ ਗ੍ਰਾਮੀ ਨਾਮਜ਼ਦ ਸਨਾਤਮ ਕੌਰ ਤੋਂ ਲੈ ਕੇ ਅਮਰੀਕਾ ਵਿੱਚ ਪਹਿਲੇ ਸਿੱਖ ਮੇਅਰ ਰਵੀ ਭੱਲਾ ਨਾਮੀ ਪ੍ਰਮੁੱਖ ਸਿੱਖਾਂ ਰਾਹੀ ਗੁਰੂ ਸਾਹਿਬ ਦੇ ਫਿਲਸਫੇ ਨੂੰ ਦਰਸਾਇਆ ਗਿਆ ਹੈ। ਜੈਰਲਡ ਕਾਰਲ ਨੇ ਕਿਹਾ,"ਮੈਨੂੰ ਇਸ ਫ਼ਿਲਮ 'ਚ ਕੰਮ ਕਰਨ ਨਾਲ ਬਹੁਤ ਮਾਣ ਮਹਿਸੂਸ ਹੋਇਆ ਅਤੇ ਇਹ ਮੇਰੇ ਅਤੇ ਮੇਰੀ ਟੀਮ ਨੂੰ ਕੁਝ ਨਵਾਂ ਸਿੱਖਣ ਦਾ ਇਕ ਮਹਾਨ ਤਜ਼ਰਬਾ ਮਿਲਿਆ।ਅਸੀਂ ਮਹਿਸੂਸ ਕਰਦੇ ਹਾਂ ਕਿ ਵਿਸ਼ਵ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਜਾਣਨ ਦੀ ਜ਼ਰੂਰਤ ਹੈ ਅਤੇ ਉਹਨਾਂ ਨੇ ਆਪਣੇ ਸਮੇਂ ਤੋਂ ਪਹਿਲਾਂ ਦੇ ਉਪਦੇਸ਼ ਦ੍ਰਿੜ ਕਰਵਾਏ।''
ਇਸ ਫ਼ਿਲਮ ਰਾਹੀਂ ਗੁਰੂ ਨਾਨਕ ਦੇ ਦਿੱਤੇ ਨਿਯਮਾਂ 'ਤੇ ਸੰਸਾਰ ਵਿਚ ਸੰਵਾਦ ਵਿਸ਼ਵਵਿਆਪੀ ਤੌਰ 'ਤੇ ਪੈਦਾ ਕੀਤਾ ਜਾ ਸਕਦਾ ਹੈ। ਨੈਸ਼ਨਲ ਸਿੱਖ ਮੁਹਿੰਮ ਨੇ ਇਸ ਡਾਕੂਮੈਂਟਰੀ ਨੂੰ ਬਣਾਉਣ ਵਿਚ ਸਹਾਇਤਾ ਕੀਤੀ ਹੈ। ਜਥੇਬੰਦੀ ਨੇ ਇੱਕ ਸਰਵੇਖਣ ਰਾਹੀਂ ਪਤਾ ਲਗਾਇਆ ਸੀ ਕਿ ਪੱਛਮੀ ਸੰਸਾਰ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਨਾ ਮਾਤਰ ਜਾਣਕਾਰੀ ਹੈ। ਫ਼ਿਲਮ ਨੂੰ ਵੱਖ-ਵੱਖ ਫਿਲਮਾਂ ਦੇ ਤਿਉਹਾਰਾਂ ਦੇ ਪ੍ਰਮੁੱਖ ਪੁਰਸਕਾਰ ਪ੍ਰਾਪਤ ਹੋਏ ਹਨ, ਜਿਸ ਵਿਚ ‘ਬੈਸਟ ਡਾਇਰੈਕਟਰ’, ‘ਬੈਸਟ ਇੰਟਰਨੈਸ਼ਨਲ ਡੌਕੂਮੈਂਟਰੀ’ ਅਤੇ ‘ਬੈਸਟ ਸਿਨੇਮੈਟੋਗ੍ਰਾਫੀ’ ਐਵਾਰਡ ਸ਼ਾਮਲ ਹਨ।
ਐਨ.ਐਸ.ਸੀ. ਦੇ ਸਹਿ-ਸੰਸਥਾਪਕ ਗੁਰਵਿਨ ਸਿੰਘ ਆਹੂਜਾ ਨੇ ਇਸ ਰਾਸ਼ਟਰੀ ਪ੍ਰਸਾਰਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ,“ਹਾਲਾਂਕਿ ਗੁਰੂ ਨਾਨਕ ਦੇਵ ਨੇ ਵਿਸ਼ਵ ਵਿੱਚ ਪੰਜਵੇਂ ਸਭ ਤੋਂ ਵੱਡੇ ਧਰਮ ਦੀ ਸਥਾਪਨਾ ਕੀਤੀ ਸੀ ਪਰ ਅਮੈਰੀਕਨ ਅਤੇ ਪੱਛਮੀ ਸੰਸਾਰ ਉਸ ਬਾਰੇ ਬਹੁਤ ਘੱਟ ਜਾਣਦੇ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦਾ ਸੰਦੇਸ਼ ਅਤੇ ਇਸ ਫ਼ਿਲਮ ਨੂੰ ਪੂਰੇ ਅਮਰੀਕਾ ਵਿਚ ਬਹੁਤ ਸਕਾਰਾਤਮਕ ਤੌਰ 'ਤੇ ਪ੍ਰਾਪਤ ਕੀਤਾ ਜਾਵੇਗਾ।” ਐਨ.ਐਸ.ਸੀ. ਦੇ ਚੇਅਰਮੈਨ ਅਮ੍ਰਿੰਤਪਾਲ ਸਿੰਘ ਮੁਤਾਬਕ,"ਇਹ ਸ਼ਾਇਦ ਗੁਰੂ ਨਾਨਕ ਦੇਵ ਜੀ ਬਾਰੇ ਪ੍ਰਚਾਰ ਦਾ ਸਭ ਤੋਂ ਵੱਡਾ ਉਪਰਾਲਾ ਹੈ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਇਸ ਨਾਲ ਸਿੱਖੀ ਅਤੇ ਸਿੱਖ ਧਰਮ ਬਾਰੇ ਕੁਝ ਗਲਤਫਹਿਮੀਆਂ ਦੂਰ ਕਰਨ ਵਿੱਚ ਸਹਾਇਤਾ ਮਿਲੇਗੀ।"
ਈਕੋਸਿੱਖ ਦੇ ਸੰਸਥਾਪਕ, ਡਾ: ਰਾਜਵੰਤ ਸਿੰਘ ਨੇ ਕਿਹਾ,“ਗੁਰੂ ਨਾਨਕ ਦੇਵ ਜੀ ਵਲੋ ਦਿੱਤੀ ਬਰਾਬਰਤਾ, ਦੂਜਿਆਂ ਦੀ ਸੇਵਾ ਅਤੇ ਵਾਤਾਵਰਣ ਪ੍ਰਤੀ ਸ਼ਰਧਾ ਦੀ ਸਿੱਖਿਆ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ। ਸੰਸਾਰ ਬਹੁਤ ਸਾਰੇ ਤਰੀਕਿਆਂ ਨਾਲ ਵੰਡਿਆ ਹੋਇਆ ਹੈ। ਇਸੇ ਕਰਕੇ ਇਹ ਫ਼ਿਲਮ ਉਸ ਦੇ ਸਕਾਰਾਤਮਕ ਸੰਦੇਸ਼ ਨੂੰ ਫੈਲਾਉਣ ਵਿਚ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ।” ਇਹ ਫ਼ਿਲਮ 71 ਮਿਲੀਅਨ 7 ਕਰੋੜ ਘਰਾਂ ਤੱਕ ਪਹੁੰਚੇਗੀ ਅਤੇ ਸੰਭਾਵਤ ਤੌਰ 'ਤੇ 170 ਮਿਲੀਅਨ 17 ਕਰੋੜ ਲੋਕਾਂ ਤੱਕ ਪਹੁੰਚੇਗੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਸਕਾਟਲੈਂਡ: ਨਿਕੋਲਾ ਸਟਰਜਨ ਨੇ ਤੋੜਿਆ ਆਪਣਾ ਹੀ ਬਣਾਇਆ ਕਾਨੂੰਨ, ਮੰਗੀ ਮੁਆਫੀ
NEXT STORY