ਨਿਊਯਾਰਕ, (ਰਾਜ ਗੋਗਨਾ) : ਨਿਊਯਾਰਕ 'ਚ ਇਕ ਹੋਰ ਗੁਰਸਿੱਖ ਪੰਜਾਬੀ ਕੁਲਵਿੰਦਰ ਸਿੰਘ ਬਾਬਾ ਦੀ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਹੈ। ਨਿਊਯਾਰਕ ਵਿਚ ਹੁਣ ਤੱਕ ਕੁੱਲ ਮਿਲਾ ਕੇ 8 ਪੰਜਾਬੀਆਂ ਦੀ ਮੌਤ ਹੋ ਚੁੱਕੀ ਹੈ। ਬਾਬਾ ਕੁਲਵਿੰਦਰ ਸਿੰਘ ਇਕ ਗੁਰਸਿੱਖ ਮਿਲਾਪੜੇ ਤੇ ਗੁਰੂ ਘਰ ਦੀ ਵੱਧ ਚੜ੍ਹ ਕੇ ਸੇਵਾ ਕਰਨ ਵਾਲੇ ਪੁਰਸ਼ ਸਨ। ਪਿਛਲੇ ਹਫਤੇ ਉਹ ਨਿਊਯਾਰਕ ਦੇ ਸਥਾਨਕ ਹਸਪਤਾਲ 'ਚ ਜੇਰੇ ਇਲਾਜ ਸਨ। ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ।
ਨਿਊਯਾਰਕ USA ਦਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ। USA ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 11,000 'ਤੇ ਪੁੱਜ ਗਈ ਹੈ। ਉੱਥੇ ਹੀ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਸਾਢੇ ਤਿੰਨ ਲੱਖ ਤੋਂ ਪਾਰ ਹੋ ਗਈ ਹੈ।
ਜੋਨਸ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਯੂ. ਐੱਸ. ਏ. ਵਿਚ ਮੌਤਾਂ ਦੀ ਗਿਣਤੀ 10,999 ਹੋ ਗਈ ਹੈ ਅਤੇ 3,68,449 ਮਰੀਜ਼ ਹੋ ਗਏ ਹਨ। ਸਰਜਨ ਜਨਰਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਹਫਤਾ ਬਹੁਤ ਹੀ ਮੁਸ਼ਕਲਾਂ ਤੇ ਉਦਾਸੀ ਭਰਿਆ ਲੰਘਣ ਵਾਲਾ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਤੇ ਸੋਸ਼ਲ ਡਿਸਟੈਂਸਿੰਗ ਰੱਖਣ ਦੀ ਬੇਨਤੀ ਕੀਤੀ ਹੈ। ਉੱਥੇ ਹੀ ਵ੍ਹਾਈਟ ਹਾਊਸ ਪਹਿਲਾਂ ਹੀ ਇਹ ਖਦਸ਼ਾ ਜਤਾ ਚੁੱਕਾ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ 1 ਲੱਖ ਤੋਂ 2.4 ਲੱਖ ਵਿਚਕਾਰ ਮੌਤਾਂ ਹੋ ਸਕਦੀਆਂ ਹਨ। ਓਧਰ, ਟਰੰਪ ਨੇ ਕੋਰੋਨਾ ਵਾਇਰਸ ਦੇ ਇਲਾਜ ਵਿਚ ਸਹਾਇਤਾ ਲਈ ਭਾਰਤ ਕੋਲੋਂ ਮਦਦ ਮੰਗੀ ਹੈ। ਇਸ ਸਬੰਧੀ ਉਨ੍ਹਾਂ ਨੇ ਪੀ. ਐੱਮ. ਮੋਦੀ ਨੂੰ ਮਲੇਰੀਆ ਦੀ ਇਕ ਦਵਾਈ ਹਾਈਡ੍ਰੋਕਸੀਕਲੋਰੋਕਿਨ ਭੇਜਣ ਦੀ ਅਪੀਲ ਕੀਤੀ ਹੈ। ਭਾਰਤ ਨੇ ਫੈਸਲਾ ਕੀਤਾ ਹੈ ਕਿ ਉਹ ਜ਼ਰੂਰਤਮੰਦ ਦੇਸ਼ਾਂ ਦੀ ਮਦਦ ਕਰੇਗਾ।
"ਇਤਿਹਾਸ ਯੂਕੇ" ਤੇ ਸਿੱਖ ਸੇਵਾਦਾਰ ਨੌਜਵਾਨਾਂ ਨੇ ਸਿਹਤ ਕਾਮਿਆਂ ਲਈ ਬਣਾਏ ਪੀਜ਼ੇ
NEXT STORY