ਬਰੈਂਪਟਨ (ਵੈਬ ਡੈਸਕ)- ਪੰਜਾਬ ਦੇ ਸੱਭਿਆਚਾਰ, ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੁੜੇ ਮੇਲਿਆਂ ਵਿੱਚ ਵਿਸਾਖੀ ਦੀ ਅਹਿਮ ਥਾਂ ਹੈ। ਇਹ ਹਾੜੀ ਦੀ ਫ਼ਸਲ ਨਾਲ ਜੁੜਿਆ ਵਾਢੀ ਦਾ ਤਿਉਹਾਰ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੇ ਸਿਰਜੇ ਸੁਪਨਿਆਂ ਨੂੰ ਹਕੀਕਤ ਵਿੱਚ ਤਬਦੀਲ ਹੁੰਦੇ ਮਹਿਸੂਸ ਕਰਦਾ ਹੈ।

ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਹਾੜੀ ਦੀ ਫ਼ਸਲ ਦੀ ਸਾਂਭ-ਸੰਭਾਲ ਕਰਕੇ ਕਿਸਾਨ ਮੇਲਾ ਵੇਖਣ ਲਈ ਜਾਂਦੇ ਹਨ। ਵਿਸਾਖੀ ਦੇ ਦਿਹਾੜੇ 1699 ਨੂੰ ਖਾਲਸਾ ਪੰਥ ਦੀ ਸਿਰਜਨਾ ਨੇ ਇਸ ਤਿਉਹਾਰ ਨੂੰ ਸਦੀਵੀ ਬਣਾ ਦਿੱਤਾ। ਵਿਸਾਖੀ ਦਾ ਮੇਲਾ ਚੜ੍ਹਦੀਕਲਾ ਦਾ ਪ੍ਰਤੀਕ ਹੈ ਅਤੇ ਇਸ ਤਿਓਹਾਰ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ।


ਇਸੇ ਤਰ੍ਹਾਂ ਕੈਨੇਡਾ ਦੀ ਬਰੈਂਪਟਨ ਵਿਚ ਸੰਸਦ ਮੈਂਬਰ ਰੂਬੀ ਸਹੋਤਾ ਨੇ ਵਿਸਾਖੀ ਸਬੰਧੀ ਪਾਰਲੀਮੈਂਟ ਵਿਚ ਕਰਵਾਏ ਗਏ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਟਵੀਟ ਵਿਚ ਲਿਖਿਆ ਕਿ ਹਰ ਸਾਲ ਦੀ ਤਰ੍ਹਾਂ ਮੇਰੇ ਸਾਥੀ ਸੰਸਦ ਮੈਂਬਰਾਂ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਸਦਕਾ ਵਿਸਾਖੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਕਰਵਾਏ ਗਏ ਪਾਠ ਦਾ ਅੱਜ ਭੋਗ ਪਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ, ਜਿਸ ਦੌਰਾਨ ਸੰਗਤਾਂ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ। ਇਸ ਮੌਕੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਮੌਜੂਦ ਸਨ।

ਨਾਈਜੀਰੀਆ : ਫਿਰਕੂ ਦੰਗਿਆਂ 'ਚ ਤਿੰਨ ਮਹੀਨੇ ਦੇ ਬੱਚੇ ਸਣੇ 8 ਹਲਾਕ
NEXT STORY