ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੈਲਬੌਰਨ ਦੇ ਪੱਛਮੀ ਇਲਾਕੇ ਪਲੰਪਟਨ 'ਚ ਸਥਿਤ ‘ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ’ ਵਿਖੇ ਅੱਜ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਣ ਪਹੁੰਚੇ। ਇਸ ਖ਼ਾਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਿੱਖ ਇਤਿਹਾਸ, ਧਾਰਮਿਕ ਪਰੰਪਰਾਵਾਂ ਸਮੇਤ ਦਲ ਬਾਬਾ ਬਿਧੀ ਚੰਦ ਜੀ ਦੀ ਸੰਪਰਦਾ ਦੇ ਗੌਰਵਮਈ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ।
ਇਕੱਤਰ ਹੋਈ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਸੰਸਥਾ ਵੱਲੋਂ ਧਰਮ ਪ੍ਰਚਾਰ ਦੇ ਨਾਲ-ਨਾਲ ਸਿੱਖਿਆ, ਖੇਡਾਂ, ਆਪਸੀ ਭਾਈਚਾਰਕ ਸਾਂਝ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਜੰਗਲਾਂ ਦੀ ਅੱਗ, ਕੋਰੋਨਾ ਮਹਾਮਾਰੀ ਅਤੇ ਸੰਕਟ ਦੇ ਸਮਿਆਂ ਦੌਰਾਨ ਇਸ ਸੰਸਥਾ ਨੇ ਹਮੇਸ਼ਾ ਅੱਗੇ ਹੋ ਕੇ ਲੋੜਵੰਦਾਂ ਦੀ ਬਾਂਹ ਫੜੀ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਮਿਸਾਲੀ ਭੂਮਿਕਾ ਨਿਭਾਈ ਹੈ।

ਇਸ ਮੌਕੇ ਲੇਬਰ ਪਾਰਟੀ ਵਿਕਟੋਰੀਆ ਦੇ ਪ੍ਰਧਾਨ ਅਤੇ ਸਿਡਨਹੈਮ ਹਲਕੇ ਤੋਂ ਉਮੀਦਵਾਰ ਯੂਰਸ ਰੈਸਕ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ, ਜਿਨ੍ਹਾਂ ਨੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸਿੱਖ ਭਾਈਚਾਰੇ ਦੀ ਸੇਵਾ ਭਾਵਨਾ ਨੂੰ ਸਲਾਹਿਆ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਯੂਰਸ ਰੈਸਕ ਨੂੰ ਗੁਰੂ ਘਰ ਦੀ ਬਖ਼ਸ਼ਿਸ਼ 'ਸਿਰੋਪਾਓ' ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
ਆਪਣੇ ਇਸ ਦੌਰੇ ਦੌਰਾਨ ਪ੍ਰੀਮੀਅਰ ਨੇ ਲੰਗਰ ਦੀ ਸੇਵਾ ਕੀਤੀ ਅਤੇ ਮੌਜੂਦਾ ਲੰਗਰ ਹਾਲ ਦਾ ਦੌਰਾ ਕਰਨ ਦੇ ਨਾਲ-ਨਾਲ ਉੱਥੇ ਉਸਾਰੇ ਜਾ ਰਹੇ ਨਵੇਂ ਆਧੁਨਿਕ ਲੰਗਰ ਹਾਲ ਅਤੇ ਹਾਈ-ਟੈਕ ਰਸੋਈ ਘਰ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਇਸ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਦੁਆਰਾ ਕੰਪਲੈਕਸ ਵਿਖੇ ਸਥਾਪਤ 'ਖਾਲਸਾ ਛਾਉਣੀ ਖੇਡ ਕਲੱਬ' ਦੇ ਖੇਡ ਮੈਦਾਨ ਦਾ ਦੌਰਾ ਕੀਤਾ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਲੱਬ ਵੱਲੋਂ ਕੀਤੇ ਜਾ ਰਹੇ ਸਕਾਰਾਤਮਕ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ।

ਇਸ ਦੌਰੇ ਦੌਰਾਨ ਪ੍ਰੀਮੀਅਰ ਜੈਸਿੰਟਾ ਐਲਨ ਨੇ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਵੱਖ-ਵੱਖ ਅਹਿਮ ਮੁੱਦਿਆਂ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਵਿਕਟੋਰੀਆ ਵਿੱਚ ਵੱਸਦੇ ਸਿੱਖਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਮਸਲੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਗਏ ਅਤੇ ਕਈ ਬਹੁਮੁੱਲੇ ਸੁਝਾਅ ਸਾਂਝੇ ਕੀਤੇ ਗਏ, ਜਿਨ੍ਹਾਂ ਨੂੰ ਪ੍ਰੀਮੀਅਰ ਨੇ ਬਹੁਤ ਧਿਆਨ ਨਾਲ ਸੁਣਦਿਆਂ ਸਲਾਹਿਆ।
ਇਸ ਦੌਰਾਨ ਸਥਾਨਕ ਬਜ਼ੁਰਗਾਂ ਵੱਲੋਂ ਸਥਾਪਤ ਕੀਤੀ ਗਈ ‘ਸੀਨੀਅਰ ਐਸੋਸੀਏਸ਼ਨ’ ਦੇ ਪ੍ਰਧਾਨ ਸ੍ਰ. ਬਲਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਪ੍ਰੀਮੀਅਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਬਲਵਿੰਦਰ ਸਿੰਘ ਲਾਲੀ, ਅਵਤਾਰ ਸਿੰਘ ਕਰੇਗੀਬੂਰਨ, ਕੈਪਟਨ ਦਰਬਾਰਾ ਸਿੰਘ ਅਤੇ ਗੁਰਦੇਵ ਸਿੰਘ ਸਮੇਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕੀ ਕਮੇਟੀ, ਸੇਵਾਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਦਾ ਵਿਸ਼ੇਸ਼ ਅਤੇ ਸ਼ਲਾਘਾਯੋਗ ਯੋਗਦਾਨ ਰਿਹਾ।
ਇਹ ਵੀ ਪੜ੍ਹੋ- ਦੋ-ਫਾੜ ਹੋ ਗਿਆ ਪਾਕਿਸਤਾਨ ! ਬਣ ਗਿਆ ਨਵਾਂ ਦੇਸ਼, ਫ਼ੌਜ ਨੇ 85 ਫ਼ੀਸਦੀ ਹਿੱਸੇ 'ਤੇ ਕੀਤਾ ਕਬਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਮਾਨਤੋਵਾ ਵਿਖੇ ਕਰਵਾਇਆ ਗਿਆ 7ਵਾਂ ਫੁੱਟਬਾਲ ਟੂਰਨਾਮੈਂਟ
NEXT STORY