ਢਾਕਾ : ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਨੌਗਾਓਂ ਵਿੱਚ ਇੱਕ ਹੋਰ ਹਿੰਦੂ ਨੌਜਵਾਨ ਮਿਥੁਨ ਸਰਕਾਰ (25) ਦੀ ਪਾਣੀ ਵਿੱਚ ਡੁਬੋ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਸਿਰਫ਼ 20 ਦਿਨਾਂ ਵਿੱਚ ਇਹ 7ਵਾਂ ਕਤਲ ਹੈ, ਜੋ ਉੱਥੇ ਰਹਿ ਰਹੇ ਹਿੰਦੂਆਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਖੌਫ਼ ਅਤੇ ਅਨਿਸ਼ਚਿਤਤਾ ਦਾ ਮਾਹੌਲ
ਬੰਗਲਾਦੇਸ਼ ਦੇ ਘੱਟ ਗਿਣਤੀ ਮੰਚ ਅਨੁਸਾਰ, ਦੇਸ਼ ਵਿੱਚ ਫਿਰਕੂ ਹਿੰਸਾ ਚਿੰਤਾਜਨਕ ਦਰ ਨਾਲ ਵਧ ਰਹੀ ਹੈ। ਜਨਵਰੀ ਮਹੀਨੇ ਦੀ ਸ਼ੁਰੂਆਤ ਤੋਂ ਹੀ ਕਤਲਾਂ ਦਾ ਸਿਲਸਿਲਾ ਜਾਰੀ ਹੈ:
• 2 ਜਨਵਰੀ: ਸਤਿਆ ਰੰਜਨ ਦਾਸ ਦਾ ਕਤਲ।
• 3 ਜਨਵਰੀ: ਖੋਕਨ ਚੰਦਰ ਦਾਸ ਨੂੰ ਬੇਰਹਿਮੀ ਨਾਲ ਵੱਢ ਕੇ ਅੱਗ ਲਗਾ ਦਿੱਤੀ ਗਈ।
• 4 ਜਨਵਰੀ: ਸ਼ੁਭੋ ਪੋਦਾਰ ਦੀ ਹੱਤਿਆ।
• 5 ਜਨਵਰੀ: ਰਾਣਾ ਪ੍ਰਤਾਪ ਬੈਰਾਗੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਸੂਤਰ ਦੱਸਦੇ ਹਨ ਕਿ ਜਿਵੇਂ-ਜਿਵੇਂ ਸੰਸਦੀ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਹਿੰਸਾ ਹੋਰ ਤੇਜ਼ ਹੋ ਰਹੀ ਹੈ। ਇਕੱਲੇ ਦਸੰਬਰ ਮਹੀਨੇ ਵਿੱਚ ਹੀ ਹਿੰਸਾ ਦੀਆਂ ਘੱਟੋ-ਘੱਟ 51 ਘਟਨਾਵਾਂ ਵਾਪਰੀਆਂ ਸਨ।
ਲੁੱਟ-ਖੋਹ, ਅੱਗਜ਼ਨੀ ਅਤੇ ਜ਼ਮੀਨਾਂ 'ਤੇ ਕਬਜ਼ੇ
ਘੱਟ ਗਿਣਤੀ ਮੰਚ ਦੇ ਅੰਕੜਿਆਂ ਅਨੁਸਾਰ, ਹਿੰਦੂਆਂ ਵਿਰੁੱਧ ਸਿਰਫ਼ ਕਤਲ ਹੀ ਨਹੀਂ, ਸਗੋਂ ਹਰ ਤਰ੍ਹਾਂ ਦੇ ਅਪਰਾਧ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ 10 ਚੋਰੀਆਂ, 23 ਮਾਮਲੇ ਘਰਾਂ, ਮੰਦਰਾਂ ਅਤੇ ਵਪਾਰਕ ਅਦਾਰਿਆਂ ਦੀ ਲੁੱਟ-ਖੋਹ ਤੇ ਅੱਗਜ਼ਨੀ ਦੇ ਸ਼ਾਮਲ ਹਨ। ਕਈ ਮਾਮਲਿਆਂ ਵਿੱਚ ਹਿੰਦੂਆਂ ਨੂੰ RAW ਦੇ ਏਜੰਟ ਹੋਣ ਦੇ ਝੂਠੇ ਇਲਜ਼ਾਮ ਲਗਾ ਕੇ ਤਸੀਹੇ ਦਿੱਤੇ ਜਾ ਰਹੇ ਹਨ। ਲਕਸ਼ਮੀਪੁਰ ਵਿੱਚ ਸਤਿਆ ਰੰਜਨ ਦਾਸ ਦੀ 96 ਡੈਸੀਮਲ ਜ਼ਮੀਨ 'ਤੇ ਖੜ੍ਹੀ ਝੋਨੇ ਦੀ ਫਸਲ ਨੂੰ ਅੱਗ ਲਗਾ ਦਿੱਤੀ ਗਈ ਅਤੇ ਚਟਗਾਂਵ ਵਿੱਚ ਪਰਿਵਾਰ ਨੂੰ ਬੰਧਕ ਬਣਾ ਕੇ ਡਕੈਤੀ ਕੀਤੀ ਗਈ।
ਇਨਸਾਨੀਅਤ ਸ਼ਰਮਸਾਰ: ਵਿਧਵਾ ਨਾਲ ਦਰਿੰਦਗੀ ਸਭ ਤੋਂ ਦਰਦਨਾਕ ਘਟਨਾ ਝੇਨੈਦਾਹ ਦੇ ਕਲੀਗੰਜ ਵਿੱਚ ਵਾਪਰੀ, ਜਿੱਥੇ ਇੱਕ 40 ਸਾਲਾ ਹਿੰਦੂ ਵਿਧਵਾ ਨਾਲ ਜਬਰ-ਜ਼ਨਾਹ ਕੀਤਾ ਗਿਆ। ਦਰਿੰਦਿਆਂ ਨੇ ਨਾ ਸਿਰਫ਼ ਉਸ ਨਾਲ ਕੁਕਰਮ ਕੀਤਾ, ਸਗੋਂ ਉਸ ਨੂੰ ਇੱਕ ਦਰੱਖਤ ਨਾਲ ਬੰਨ੍ਹ ਕੇ ਉਸ ਦੇ ਸਿਰ ਦੇ ਵਾਲ ਮੁੰਨ ਦਿੱਤੇ ਅਤੇ ਭਾਰੀ ਤਸੀਹੇ ਦਿੱਤੇ। ਇਸੇ ਤਰ੍ਹਾਂ ਕੋਮਿਲਾ ਅਤੇ ਹੋਰ ਇਲਾਕਿਆਂ ਵਿੱਚ ਹਿੰਦੂ ਵਪਾਰੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਗਹਿਣੇ ਅਤੇ ਨਕਦੀ ਲੁੱਟੀ ਜਾ ਰਹੀ ਹੈ।
ਪ੍ਰਸ਼ਾਸਨ ਦੀ ਚੁੱਪ 'ਤੇ ਸਵਾਲ
ਇਨ੍ਹਾਂ ਹਾਲਾਤਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਯੂਨੁਸ ਸਰਕਾਰ ਦੇ ਸ਼ਾਸਨ ਵਿੱਚ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਕਿੱਥੇ ਹਨ?। ਹਿੰਦੂਆਂ ਨੂੰ ਡਰਾਉਣ, ਮਿਟਾਉਣ ਅਤੇ ਫਿਰ ਚੁੱਪ ਰਹਿਣ ਦੀ ਇਸ ਸੋਚੀ-ਸਮਝੀ ਸਾਜ਼ਿਸ਼ ਨੇ ਉੱਥੇ ਰਹਿ ਰਹੇ ਘੱਟ ਗਿਣਤੀਆਂ ਦੇ ਜੀਵਨ ਨੂੰ ਨਰਕ ਬਣਾ ਦਿੱਤਾ ਹੈ।
ਪਾਕਿਸਤਾਨ ਵਿਚ ਗਿਰਜਾਘਰ ’ਚ ਭੰਨਤੋੜ; ਬਾਈਬਲ ਦੀ ਕੀਤੀ ਬੇਅਦਬੀ, ਸ਼ੱਕੀ ਗ੍ਰਿਫ਼ਤਾਰ
NEXT STORY