ਸਿੰਧ [ਪਾਕਿਸਤਾਨ] (ਏਐਨਆਈ): ਗੁਆਂਢੀ ਮੁਲਕ ਵਿਚ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। 'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਅਨੁਸਾਰ ਕਣਕ ਦੀ ਬੋਰੀ ਦੀ ਕੀਮਤ ਵਿੱਚ 2,500 ਪਾਕਿਸਤਾਨੀ ਰੁਪਏ (PKR) ਦਾ ਭਾਰੀ ਵਾਧਾ ਹੋਇਆ ਹੈ। ਇਸ ਵਾਧੇ ਕਾਰਨ ਪਾਕਿਸਤਾਨੀ ਸਰਕਾਰ ਦੀ ਆਲੋਚਨਾ ਹੋ ਰਹੀ ਹੈ। ਇਹ ਆਲੋਚਨਾ ਮਹਿੰਗਾਈ ਨੂੰ ਕਾਬੂ ਕਰਨ ਅਤੇ ਆਮ ਨਾਗਰਿਕਾਂ ਨੂੰ ਖੁਰਾਕੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਤੋਂ ਬਚਾਉਣ ਵਿੱਚ ਸਰਕਾਰ ਦੀ ਅਸਫਲਤਾ ਕਾਰਨ ਹੋ ਰਹੀ ਹੈ।
'ਦਿ ਐਕਸਪ੍ਰੈਸ ਟ੍ਰਿਬਿਊਨ' ਮੁਤਾਬਕ ਹੈਦਰਾਬਾਦ SITE ਐਸੋਸੀਏਸ਼ਨ ਆਫ ਟਰੇਡ ਐਂਡ ਇੰਡਸਟਰੀ (HSATI) ਦੇ ਚੇਅਰਮੈਨ ਜ਼ੁਬੈਰ ਅਹਿਮਦ ਘਾਂਗਰਾ ਨੇ ਕਿਹਾ ਕਿ ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਘੱਟ ਅਤੇ ਮੱਧ-ਆਮਦਨ ਵਾਲੇ ਪਰਿਵਾਰਾਂ ਦੀਆਂ ਵਿੱਤੀ ਮੁਸ਼ਕਲਾਂ ਨੂੰ ਹੋਰ ਵਧਾ ਰਹੀਆਂ ਹਨ, ਜੋ ਪਹਿਲਾਂ ਹੀ ਜ਼ਰੂਰੀ ਵਸਤਾਂ ਖਰੀਦਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੀਮਤਾਂ ਨੂੰ ਸਥਿਰ ਕਰਨ ਅਤੇ ਕਿਫਾਇਤੀ ਦਰਾਂ 'ਤੇ ਜ਼ਰੂਰੀ ਖੁਰਾਕੀ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਤੁਰੰਤ ਦਖਲ ਦੇਣ।
ਘਾਂਗਰਾ ਨੇ ਦੱਸਿਆ ਕਿ ਸਰਕਾਰ ਪਹਿਲਾਂ ਸੂਬਾਈ ਬਜਟ ਰਾਹੀਂ ਕਿਸਾਨਾਂ ਤੋਂ ਕਣਕ ਦੀ ਖਰੀਦ ਕਰਦੀ ਸੀ, ਜਿਸ ਨਾਲ ਬਾਜ਼ਾਰ ਦੀਆਂ ਕੀਮਤਾਂ ਨੂੰ ਨਿਯੰਤ੍ਰਿਤ ਕਰਨ ਅਤੇ ਖਪਤਕਾਰਾਂ ਨੂੰ ਰਾਹਤ ਦੇਣ ਵਿੱਚ ਮਦਦ ਮਿਲਦੀ ਸੀ। ਉਨ੍ਹਾਂ ਦਲੀਲ ਦਿੱਤੀ ਕਿ ਇਸ ਖਰੀਦ ਨੀਤੀ ਨੂੰ ਬੰਦ ਕਰਨ ਨਾਲ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਪਰਿਵਾਰ ਮਹਿੰਗਾਈ ਦੇ ਦਬਾਅ ਹੇਠ ਹੋਰ ਕਮਜ਼ੋਰ ਹੋ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- 70 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਕੈਨੇਡਾ ਦਾ ਵਪਾਰ ! ਕੈਨੇਡੀਅਨ ਮੰਤਰੀ ਨੇ ਕਰ'ਤਾ ਐਲਾਨ
ਉਨ੍ਹਾਂ ਨੇ ਆਰਥਿਕ ਨੀਤੀ-ਨਿਰਮਾਣ 'ਤੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੀਆਂ ਸ਼ਰਤਾਂ ਦੇ ਪ੍ਰਭਾਵ 'ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਅੰਤਰਰਾਸ਼ਟਰੀ ਕਰਜ਼ਦਾਤਾ ਨਾਲ ਗੱਲਬਾਤ ਦੌਰਾਨ ਖੁਰਾਕ ਸੁਰੱਖਿਆ ਅਤੇ ਜਨਤਕ ਭਲਾਈ ਨੂੰ ਮੁੱਖ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। HSATI ਚੇਅਰਮੈਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਏ ਕਿ ਆਰਥਿਕ ਸੁਧਾਰਾਂ ਕਾਰਨ ਆਮ ਪਾਕਿਸਤਾਨੀਆਂ ਦੀ ਖਰੀਦ ਸ਼ਕਤੀ ਹੋਰ ਘੱਟ ਨਾ ਹੋਵੇ।
ਘਾਂਗਰਾ ਨੇ ਜਨਤਕ ਖਰਚਿਆਂ ਦੀ ਅਸਮਾਨ ਜਾਂਚ-ਪੜਤਾਲ ਦੀ ਆਲੋਚਨਾ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਕਾਨੂੰਨ ਘਾੜਿਆਂ ਅਤੇ ਮੰਤਰੀਆਂ ਦੀਆਂ ਤਨਖਾਹਾਂ ਅਤੇ ਸਹੂਲਤਾਂ ਵਿੱਚ ਵਾਧੇ ਅਤੇ ਨਾਲ ਹੀ ਸਰਕਾਰੀ ਵਾਹਨਾਂ ਤੇ ਜਹਾਜ਼ਾਂ ਦੀ ਖਰੀਦ ਦਾ ਓਨਾ ਵਿਰੋਧ ਕਿਉਂ ਨਹੀਂ ਹੁੰਦਾ ਜਿੰਨਾ ਖੁਰਾਕੀ ਵਸਤਾਂ ਦੀਆਂ ਕੀਮਤਾਂ ਘਟਾਉਣ ਦੇ ਉਪਾਵਾਂ ਦਾ ਹੁੰਦਾ ਹੈ।ਰਿਪੋਰਟ ਅਨੁਸਾਰ ਉਨ੍ਹਾਂ ਕਿਹਾ ਕਿ ਇਸ ਅੰਤਰ ਤੋਂ ਪਤਾ ਲੱਗਦਾ ਹੈ ਕਿ ਨਾਗਰਿਕਾਂ 'ਤੇ ਬੇਲੋੜਾ ਬੋਝ ਪਾਇਆ ਜਾਂਦਾ ਹੈ ਜਦਕਿ ਜਨਤਕ ਨੁਮਾਇੰਦੇ ਵਿੱਤੀ ਲਾਭਾਂ ਦਾ ਆਨੰਦ ਮਾਣਦੇ ਰਹਿੰਦੇ ਹਨ। ਘਾਂਗਰਾ ਨੇ ਕਣਕ ਅਤੇ ਆਟੇ ਦੀਆਂ ਕੀਮਤਾਂ ਵਧਣ ਦੇ ਕਾਰਨਾਂ ਦੀ ਜਾਂਚ ਦੀ ਮੰਗ ਵੀ ਕੀਤੀ ਅਤੇ ਜਮ੍ਹਾਂਖੋਰੀ ਤੇ ਮੁਨਾਫ਼ਾਖੋਰੀ ਵਿਰੁੱਧ ਸਖ਼ਤ ਕਾਰਵਾਈ ਕਰਨ 'ਤੇ ਜ਼ੋਰ ਦਿੱਤਾ। ਘਾਂਗਰਾ ਨੇ ਕਿਹਾ ਕਿ ਵਪਾਰੀਆਂ ਨੂੰ ਸਪਲਾਈ ਦੀ ਕਮੀ ਜਾਂ ਬਾਜ਼ਾਰ ਦੇ ਹਾਲਾਤਾਂ ਦਾ ਨਾਜਾਇਜ਼ ਫਾਇਦਾ ਉਠਾਉਣ ਤੋਂ ਰੋਕਣ ਲਈ ਬਾਜ਼ਾਰ 'ਤੇ ਪ੍ਰਭਾਵਸ਼ਾਲੀ ਨਜ਼ਰ ਰੱਖਣ ਅਤੇ ਸਖ਼ਤ ਲਾਗੂਕਰਨ ਪ੍ਰਣਾਲੀਆਂ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਗਲਾਦੇਸ਼ 'ਚ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 300 ਤੋਂ ਪਾਰ, 1 ਲੱਖ ਦੇ ਕਰੀਬ ਲੋਕ ਸੰਕਰਮਿਤ
NEXT STORY