ਜਲੰਧਰ (ਪਾਹਵਾ) : ਪੰਜਾਬ ਵਿਚ 2022 ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਸਭ ਸਿਆਸੀ ਪਾਰਟੀਆਂ ਵਲੋਂ ਜ਼ੋਰ ਅਜਮਾਇਸ਼ ਸ਼ੁਰੂ ਕੀਤੀ ਜਾ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਸਮੇਤ ਕਈ ਛੋਟੀਆਂ ਵੱਡੀਆਂ ਪਾਰਟੀਆਂ ਉਕਤ ਚੋਣਾਂ ਦੌਰਾਨ ਸੱਤਾ ਸੁੱਖ ਹਾਸਲ ਕਰਨ ਲਈ ਹੁਣ ਤੋਂ ਹੀ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਕਰ ਚੁੱਕੀਆਂ ਹਨ। ਸਭ ਪਾਰਟੀਆਂ ਨੂੰ ਸਮੇਂ-ਸਮੇਂ ’ਤੇ ਪੰਜਾਬ ਦੇ ਲੋਕ ਕਿਸੇ ਨਾ ਕਿਸੇ ਢੰਗ ਨਾਲ ਅਜ਼ਮਾ ਚੁੱਕੇ ਹਨ। ਭਾਵੇਂ ਉਹ ਭਾਜਪਾ, ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਕਾਂਗਰਸ। ਇਨ੍ਹਾਂ ਸਭ ਦਰਮਿਆਨ ਇਕ ਪਾਰਟੀ ਅਜਿਹੀ ਹੈ, ਜਿਸ ਨੂੰ ਅਜੇ ਪੰਜਾਬ ਦੇ ਲੋਕਾਂ ਨੇ ਅਜ਼ਮਾਇਆ ਤਾਂ ਨਹੀਂ ਪਰ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦਿੱਲੀ ’ਚ ਸੱਤਾ ’ਚ ਆਈ ਪਰ ਪੰਜਾਬ ’ਚ ਇਸ ਪਾਰਟੀ ਨੂੰ ਉਮੀਦ ਮੁਤਾਬਕ ਨਾ ਤਾਂ ਵੋਟਾਂ ਮਿਲੀਆਂ ਅਤੇ ਨਾ ਹੀ ਹਮਾਇਤ। 2017 ’ਚ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਇਕ ਵੱਡੇ ਬਦਲ ਵਜੋਂ ਦੇਖਿਆ ਜਾ ਰਿਹਾ ਸੀ ਪਰ ਜੋ ਚੋਣ ਨਤੀਜੇ ਸਾਹਮਣੇ ਆਏ, ਉਸ ’ਚ ਪਾਰਟੀ ਦੀ ਜੋ ਹਾਲਤ ਹੋਈ, ਉਹ ਉਮੀਦ ਤੋਂ ਕਾਫ਼ੀ ਪਰੇ ਸੀ। ਪੰਜਾਬ ’ਚ ਆਮ ਆਦਮੀ ਪਾਰਟੀ ਇਕ ਵਾਰ ਮੁੜ ਤੋਂ ਸੱਤਾ ’ਚ ਆਉਣ ਦੇ ਯਤਨਾਂ ’ਚ ਜੁਟ ਗਈ ਹੈ। ਜੋ ਗ਼ਲਤੀ ਇਸ ਪਾਰਟੀ ਨੇ 2017 ’ਚ ਕੀਤੀ ਸੀ, ਉਹੀ ਗ਼ਲਤੀ ਹੁਣ 2022 ’ਚ ਵੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਅਸਲ ’ਚ 2017 ’ਚ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਵੀ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ। ‘ਕੇਜਰੀਵਾਲ-ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ’ ਦੇ ਨਾਅਰੇ ਨਾਲ ਪੰਜਾਬ ਵਿਚ ਪਾਰਟੀ ਚੋਣ ਮੈਦਾਨ ’ਚ ਤਾਂ ਉਤਰੀ ਪਰ ਸੱਤਾ ਵਿਚ ਆਉਣ ’ਤੇ ਮੁੱਖ ਮੰਤਰੀ ਕੌਣ ਹੋਵੇਗਾ, ਸਬੰਧੀ ਪੰਜਾਬ ਦੇ ਲੋਕਾਂ ਨੂੰ ਨਹੀਂ ਦੱਸਿਆ। ਨਾ ਤਾਂ ਸੂਬੇ ਦੇ ਲੋਕਾਂ ਨੂੰ ਅਤੇ ਨਾ ਹੀ ਖ਼ੁਦ ਪਾਰਟੀ ਨੂੰ ਇਹ ਪਤਾ ਸੀ ਕਿ ਕੌਣ ਮੁੱਖ ਮੰਤਰੀ ਬਣੇਗਾ। ਇਹੀ ਇਕ ਕਾਰਨ ਸੀ ਕਿ ਪੰਜਾਬ ’ਚ ਪਾਰਟੀ ਨੂੰ ਉਸ ਤਰ੍ਹਾਂ ਦੀ ਹਮਾਇਤ ਨਹੀਂ ਮਿਲ ਸਕੀ, ਜਿਸ ਤਰ੍ਹਾਂ ਦੀ ਪਾਰਟੀ ਨੂੰ ਉਮੀਦ ਸੀ।
ਇਹ ਵੀ ਪੜ੍ਹੋ :RSS ਵੱਲੋਂ ਭਾਜਪਾ ਨੂੰ ਆਤਮ ਮੰਥਨ ਦੀ ਸਲਾਹ, ਕਿਹਾ-ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ 'ਚ ਪਾਸਾ ਪਲਟਿਆ
ਟਿਕਟਾਂ ਦੀ ਵੰਡ ਕਾਰਨ ਪਿਆ ਬਖੇੜਾ
'ਆਪ' ਨੇ 2017 ਦੀਆਂ ਚੋਣਾਂ ’ਚ ਜੋ ਦੂਜੀ ਗ਼ਲਤੀ ਕੀਤੀ ਸੀ, ਉਹ ਸੀ ਟਿਕਟਾਂ ਦਾ ਐਲਾਨ। ਪਾਰਟੀ ਦੇ ਨਾਲ ਪੁਰਾਣੇ ਦੌਰ ਤੋਂ ਜੁੜੇ ਲੋਕਾਂ ਨੂੰ ਲਾਂਭੇ ਕਰ ਕੇ ਕੁਝ ਦਿਨ ਪਹਿਲਾਂ ਹੀ ਪਾਰਟੀ ’ਚ ਆਉਣ ਵਾਲੇ ਲੋਕਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ। ਇਸ ਕਾਰਨ ਪਾਰਟੀ ’ਚ ਰੋਸ ਪੈਦਾ ਹੋ ਗਿਆ। ਇਸ ਰੋਸ ਦਾ ਅਸਰ ਇਹ ਹੋਇਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਖੜ੍ਹੇ ਸਨ, ਨੂੰ ਲੈ ਕੇ ਵੀ ਢੁਕਵੇਂ ਢੰਗ ਨਾਲ ਵੀ ਚੋਣ ਪ੍ਰਚਾਰ ਨਹੀਂ ਹੋ ਸਕਿਆ। ਹੁਣ ਜਦੋਂ ਉਹ ਦੌਰ ਨਿਕਲ ਚੁੱਕਾ ਹੈ ਅਤੇ 2022 ਦਾ ਦੌਰ ਆਉਣ ਵਾਲਾ ਹੈ ਤਾਂ ਇਸ ਦੌਰਾਨ ਵੀ ਆਮ ਆਦਮੀ ਪਾਰਟੀ ਪੰਜਾਬ ’ਚ ਉਹ ਪੱਧਰ ਹਾਸਲ ਨਹੀਂ ਕਰ ਪਾ ਰਹੀ ਜਿਸ ਦੀ ਉਮੀਦ ਲੋਕਾਂ ਨੇ ਪਾਰਟੀ ਕੋਲੋਂ ਲਾਈ ਸੀ।
ਵਿਰੋਧੀ ਧਿਰ ਵਜੋਂ 'ਆਪ' ਦੀ ਕਾਰਗੁਜ਼ਾਰੀ
ਬੇਸ਼ੱਕ ਪੰਜਾਬ ’ਚ ਆਮ ਆਦਮੀ ਪਾਰਟੀ ਆਪਣੀ ਸੱਤਾ ਕਾਇਮ ਨਹੀਂ ਕਰ ਸਕੀ ਪਰ ਪੰਜਾਬ ’ਚ ਵਿਰੋਧੀ ਧਿਰ ਵਜੋਂ ਇਕ ਮਜ਼ਬੂਤ ਪਾਰਟੀ ਵਜੋਂ ਉਸ ਨੇ ਆਪਣੀ ਥਾਂ ਬਣਾਈ। ਵਿਰੋਧੀ ਧਿਰ ਵਜੋਂ ਪਾਰਟੀ ਲੋੜੀਂਦੀ ਸਫ਼ਲਤਾ ਹਾਸਲ ਨਹੀਂ ਕਰ ਸਕੀ। ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਹੋਵੇ, ਸਮੇਂ ’ਤੇ ਮੋਬਾਈਲ ਫੋਨ ਅਤੇ ਰੁਜ਼ਗਾਰ ਨਾ ਦੇਣ ਦੀ ਗੱਲ ਹੋਵੇ ਤਾਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਘੇਰਣ ’ਚ ਆਮ ਆਦਮੀ ਪਾਰਟੀ ਉਸ ਪੱਧਰ ਨੂੰ ਹਾਸਲ ਨਹੀਂ ਕਰ ਸਕੀ ਜੋ ਕਰਨਾ ਚਾਹੀਦਾ ਸੀ। ਦਿੱਲੀ ’ਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਆਪਣਾ ਕੰਮ ਕੀਤਾ ਹੈ, ਉਸ ਤਰ੍ਹਾਂ ਜੇ ਪੰਜਾਬ ਵਿਚ ਪਾਰਟੀ ਕੰਮ ਕਰਦੀ ਤਾਂ ਸ਼ਾਇਦ 2022 ’ਚ ਪਾਰਟੀ ਲਈ ਵਿਧਾਨ ਸਭਾ ਚੋਣਾਂ ’ਚ ਉਤਰਣਾ ਇੰਨਾ ਔਖਾ ਨਾ ਹੁੰਦਾ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
ਸਮਰੱਥ ਆਗੂ ਦੀ ਘਾਟ ਨਾਲ ਜੂਝਦੀ 'ਆਪ'
ਸਮਰੱਥ ਨੇਤਾ ਦੀ ਘਾਟ ਸਹਿ ਰਹੀ ਆਮ ਆਦਮੀ ਪਾਰਟੀ ਲਈ ਮੌਜੂਦਾ ਸਥਿਤੀ ’ਚ ਪੰਜਾਬ ’ਤੇ ਕਾਬਜ਼ ਹੋਣਾ ਇੰਨਾ ਸੌਖਾ ਨਹੀਂ ਹੈ। ਭਾਵੇਂ ਲੋਕ ਤਬਦੀਲੀ ਚਾਹੁੰਦੇ ਹਨ ਪਰ ਉਹ ਉਸ ਪਾਰਟੀ ਦੀ ਹਮਾਇਤ ਕਰਣਗੇ ਜੋ ਪੰਜਾਬ ਜਾਂ ਪੰਜਾਬੀਅਤ ਦੀ ਗੱਲ ਕਰਨ ’ਚ ਸਮਰੱਥ ਹੋਵੇ। ਆਮ ਆਦਮੀ ਪਾਰਟੀ ਲਈ ਇਸ ਸਮੇਂ ਇਹ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ।ਪਾਰਟੀ ਕੋਲ ਨਾ ਤਾਂ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਮਜ਼ਬੂਤ ਚਿਹਰਾ ਹੈ ਅਤੇ ਨਾ ਹੀ ਪਾਰਟੀ ਕੋਲ ਕੋਈ ਅਜਿਹਾ ਸਟਾਰ ਪ੍ਰਚਾਰਕ ਜਾਂ ਸਟਾਰ ਬੁਲਾਰਾ ਹੈ ਜੋ ਪਾਰਟੀ ਨੂੰ ਬੁਲੰਦੀਆਂ ’ਤੇ ਲਿਜਾਏ। ਕੁੱਲ ਮਿਲਾ ਕੇ ਪੰਜਾਬ ’ਚ ਭਗਵੰਤ ਮਾਨ ਹੀ ਇਕੋ-ਇਕ ਅਜਿਹੇ ਨੇਤਾ ਹਨ ਜਿਨ੍ਹਾਂ ਦੇ ਦਮ ’ਤੇ ਪਾਰਟੀ ਸੂਬੇ ’ਚ ਸੱਤਾ ਹਾਸਲ ਕਰਨਾ ਚਾਹੁੰਦੀ ਹੈ ਪਰ ਇਹ ਸਭ ਇੰਨਾ ਸੌਖਾ ਨਹੀਂ।ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਦੀ ਤਾਂ ਇਨ੍ਹਾਂ ਪਾਰਟੀਆਂ ਕੋਲ ਬੁਲਾਰੇ ਵਜੋਂ ਕਈ ਵੱਡੇ ਚਿਹਰੇ ਹਨ, ਜੋ ਸ਼ਬਦਾਂ ਦੇ ਬਾਣ ਚਲਾਉਣ ’ਚ ਮਾਹਿਰ ਹਨ। ਭਾਵੇਂ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਜਾਂ ਫਿਰ ਸੁਖਬੀਰ ਬਾਦਲ ਦੀ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਕੋਲ ਅਜਿਹਾ ਕੋਈ ਨੇਤਾ ਨਹੀਂ ਜੋ ਲੋਕਾਂ ਤੱਕ ਆਪਣੀ ਗੱਲ ਰੱਖ ਸਕਦਾ ਹੋਵੇ। ਪਾਰਟੀ ਨੂੰ ਅਜਿਹੇ ਨੇਤਾ ਜੋ ਲੋਕਾਂ ਤੱਕ ਆਪਣੀ ਗੱਲ ਰੱਖ ਸਕਦਾ ਹੋਵੇ, ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰ ਕੇ ਉਸ ਨੂੰ ਵੋਟ ਬੈਂਕ ’ਚ ਤਬਦੀਲ ਕਰਨ ਦੀ ਤਾਕਤ ਰੱਖਦਾ ਹੋਵੇ, ਦੀ ਲੋੜ ਹੈ।
ਨੋਟ: 2022 ਦੀਆਂ ਚੋਣਾਂ 'ਚ ਕੀ ਹੋਣੇ ਚਾਹੀਦੇ ਨੇ ਮੁੱਖ ਮੁੱਦੇ?ਕੁਮੈਂਟ ਕਰਕੇ ਦਿਓ ਆਪਣੀ ਰਾਏ
'ਵੀਕੈਂਡ ਲਾਕਡਾਊਨ' ਦੌਰਾਨ ਤਸਵੀਰਾਂ 'ਚ ਵੇਖੋ ਜਲੰਧਰ ਜ਼ਿਲ੍ਹੇ ਦਾ ਹਾਲ, ਜਾਣੋ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ
NEXT STORY