ਜਲੰਧਰ (ਜ. ਬ.)- ਸਰਵਹਿੱਤਕਾਰੀ ਐਜੂਕੇਸ਼ਨਲ ਸੋਸਾਇਟੀ ਤੇ ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਵੱਲੋਂ 9 ਤੋਂ 11 ਜੂਨ ਤੱਕ ਕਰਵਾਏ ਜਾ ਰਹੇ ਮਹਾਕੁੰਭ ਰਿਸੈਂਟ ਐਡਵਾਂਸ ਇਨ ਸਕੂਲ ਐਜੂਕੇਸ਼ਨ (ਰੇਸ-2023) ਦਾ ਸੱਦਾ-ਪੱਤਰ ਪ੍ਰੋਗਰਾਮ ਦੇ ਕੋ-ਆਰਡੀਨੇਟਰ ਮਨਦੀਪ ਤਿਵਾੜੀ ਨੇ ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੂੰ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਵਰੁਣ ਮਹਿਤਾ ਤੇ ਰਿਸ਼ਭ ਅਬਰੋਲ ਵੀ ਮੌਜੂਦ ਸਨ।
ਮਨਦੀਪ ਤਿਵਾੜੀ ਨੇ ਦੱਸਿਆ ਕਿ ਇਸ 3 ਦਿਨਾ ਮਹਾਕੁੰਭ ’ਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਇਲਾਵਾ ਖੇਡ ਮੰਤਰੀ ਅਨੁਰਾਗ ਠਾਕੁਰ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਸ਼ਾਮਲ ਹੋਣਗੇ। ਇਸ ਮਹਾਕੁੰਭ ’ਚ ਦੇਸ਼ ਭਰ ਦੇ ਸਿੱਖਿਆ ਮੰਤਰੀ, ਕਈ ਸੂਬਿਆਂ ਦੇ ਰਾਜਪਾਲ, ਵੱਡੀਆਂ ਸਿੱਖਿਆ ਸੰਸਥਾਵਾਂ ਤੋਂ ਇਲਾਵਾ ਆਈ. ਆਈ. ਟੀ., ਆਈ. ਆਈ. ਐੱਮ., ਐੱਨ. ਆਈ. ਟੀ. ਟੀ. ਆਰ., ਆਈ. ਆਈ. ਐੱਸ. ਈ. ਆਰ. ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਇਸ ਆਯੋਜਨ ’ਚ ਸਿੱਖਿਆ ਨਾਲ ਜੁੜੇ ਲਗਭਗ 15,000 ਅਧਿਆਪਕ, ਮਾਪੇ, ਉਦਯੋਗਪਤੀ ਤੇ ਵਿਗਿਆਨੀ ਸ਼ਾਮਲ ਹੋਣਗੇ, ਜਦਕਿ ਲਗਭਗ 6 ਲੱਖ ਲੋਕ ਇਸ ’ਚ ਆਨਲਾਈਨ ਢੰਗ ਨਾਲ ਸ਼ਾਮਲ ਹੋਣਗੇ।
ਪੰਜਾਬ ’ਚ ਸਿੱਖਿਆ ਦਾ ਪਹਿਲਾ ਮਹਾਕੁੰਭ ਕਰਵਾਉਣ ਦੇ ਪਿੱਛੇ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਤੇ ਉਨ੍ਹਾਂ ਨੂੰ ਆਪਣੀ ਮਜ਼ਬੂਤ ਸਿੱਖਿਆ ਪ੍ਰਣਾਲੀ ਨਾਲ ਜੋੜ ਕੇ ਪੰਜਾਬ ’ਚੋਂ ਬਰੇਨ ਡਰੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਗਲੇ 4 ਮਹਾਕੁੰਭ ਵੀ ਪੰਜਾਬ ’ਚ ਹੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਕੇਂਦਰੀ ਸਿੱਖਿਆ ਮੰਤਰਾਲੇ ਤੋਂ ਇਲਾਵਾ ਸਕਿੱਲ ਡਿਵੈੱਲਪਮੈਂਟ ਮੰਤਰਾਲੇ, ਸਵਦੇਸ਼ੀ ਜਾਗਰਣ ਮੰਚ, ਵਿਣਜਨਾ ਭਾਰਤੀ, ਭਾਰਤੀ ਸਿੱਖਿਆ ਮੰਡਲ, ਸਿੱਖਿਆ ਸੰਸਕ੍ਰਿਤੀ ਉੱਥਾਨ ਨਿਆਸ, ਥਿੰਕ ਇੰਡੀਆ ਤੇ ਆਲ ਇੰਡੀਆ ਨੈਸ਼ਨਲ ਟੀਚਰਜ਼ ਫੈੱਡਰੇਸ਼ਨ ਵੀ ਯੋਗਦਾਨ ਪਾ ਰਹੇ ਹਨ।
ਇਸ ਪ੍ਰੋਗਰਾਮ ’ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਭਗਵੰਤ ਮਾਨ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਮੰਤਰੀ ਰੋਹਿਤ ਠਾਕੁਰ, ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ ਤੇ ਇਸ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਸੂਬਾਈ ਸਰਕਾਰਾਂ ਦੇ ਨਾਲ-ਨਾਲ ਸਿੱਖਿਆ ਨਾਲ ਸਬੰਧਤ ਸੰਗਠਨਾਂ ਤੋਂ ਵੀ ਮਦਦ ਲਈ ਜਾ ਰਹੀ ਹੈ।
ਪੰਜਾਬ ਸਰਕਾਰ ਦੇ 13 ਮਹੀਨਿਆਂ ਦੇ ਕਾਰਜਕਾਲ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ : ਕੁਲਦੀਪ ਸਿੰਘ ਧਾਲੀਵਾਲ
NEXT STORY