ਅੱਪਰਾ (ਦੀਪਾ) : ਅੱਪਰਾ ਤੇ ਆਸ-ਪਾਸ ਦੇ ਪਿੰਡਾਂ 'ਚ ਪਸ਼ੂ-ਪਾਲਕਾਂ ਤੇ ਕਿਸਾਨਾਂ ਵਲੋਂ ਰੱਖੀਆਂ ਗਊਆਂ 'ਲੰਪੀ ਸਕਿਨ' ਬਿਮਾਰੀ ਦੀ ਲਪੇਟ 'ਚ ਆ ਚੁੱਕੀਆਂ ਹਨ | ਜਿਸ ਕਾਰਨ ਇਲਾਕੇ ਦੇ ਪਿੰਡਾਂ 'ਚ ਹੁਣ ਤੱਕ 9 ਗਊਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਅਣਗਿਣਤ ਗਾਵਾਂ ਇਸ ਬਿਮਾਰੀ ਦੀ ਲਪੇਟ 'ਚ ਆਉਣ ਕਾਰਨ ਗੰਭੀਰ ਰੂਪ 'ਚ ਬਿਮਾਰ ਹੋ ਚੁੱਕੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਸਰਬਜੀਤ ਸਿੰਘ ਜੀਤਾ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ 'ਲੰਪੀ ਸਕਿਨ' ਬਿਮਾਰੀ ਦੇ ਕਾਰਨ ਮੇਰੀ ਤੇ ਮੇਰੇ ਚਾਚੇ ਦੇ ਲੜਕੇ ਨਿਰਮਲ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਛੋਕਰਾਂ ਦੀ ਗਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਾਕੀ 4 ਗਾਵਾਂ ਗੰਭੀਰ ਬਿਮਾਰ ਹਨ |
ਨਿਰਮਲ ਸਿੰਘ ਰਾਣਾ ਵਾਸੀ ਪਿੰਡ ਛੋਕਰਾਂ ਦੀਆਂ ਤਿੰਨ ਗਾਵਾਂ ਦੀ ਵੀ ਉਕਤ ਬਿਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ | ਇਸੇ ਤਰ੍ਹਾਂ ਸਰਪੰਚ ਪ੍ਰਗਣ ਸਿੰਘ ਦਿਆਲਪੁਰ ਨੇ ਦੱਸਿਆ ਕਿ ਪਿੰਡ ਦਿਆਲਪੁਰ 'ਚ ਵੀ ਅਣਗਿਣਤ ਗਾਵਾਂ ਉਕਤ ਬਿਮਾਰੀ ਦੇ ਕਾਰਨ ਗੰਭੀਰ ਬਿਮਾਰ ਹੋ ਚੁੱਕੀਆਂ ਹਨ, ਜਦਕਿ ਗੁਰਜੰਗ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਦਿਆਲਪੁਰ ਦੀ ਇੱਕ, ਪੰਮਾ ਪੁੱਤਰ ਭੁਪਿੰਦਰ ਸਿੰਘ ਵਾਸੀ ਦਿਆਲਪੁਰ ਦੀ ਇੱਕ ਤੇ ਪ੍ਰਵਾਸੀ ਮਜ਼ਦੂਰ ਮੁਨੀ ਲਾਲ ਹਾਲ ਵਾਸੀ ਦਿਆਲਪੁਰ ਦੀ ਇੱਕ ਗਾਂ ਦੀ ਮੌਤ ਹੋ ਚੁੱਕੀ ਹੈ | ਇਸੇ ਤਰ੍ਹਾਂ ਕੁਲਵੀਰ ਸੋਮਲ ਛੋਕਰਾਂ ਨੇ ਦੱਸਿਆ ਕਿ ਉਸ ਦੀ ਇੱਕ ਗਾਂ ਇਸ ਬਿਮਾਰੀ ਤੋਂ ਪੀੜਤ ਹੈ, ਜਿਸ ਦੇ ਇਲਾਜ 'ਤੇ ਹੁਣ ਤੱਕ 15 ਹਜ਼ਾਰ ਰੁਪਏ ਖਰਚ ਆ ਚੁੱਕਾ ਹੈ |
'ਲੰਪੀ ਸਕਿਨ' ਬਿਮਾਰੀ ਦੇ ਕਾਰਨ ਪਿੰਡ ਮੰਡੀ, ਦਿਆਲਪੁਰ, ਛੋਕਰਾਂ, ਮੋਂਰੋਂ, ਗੜ੍ਹੀ ਮਹਾਂ ਸਿੰਘ, ਤੂਰਾਂ, ਕਟਾਣਾ, ਸਮਰਾੜੀ, ਬੰਸੀਆਂ ਢੱਕ, ਥਲਾ ਆਦਿ ਪਿੰਡਾਂ 'ਚ ਅਣਗਿਣਤ ਪਸ਼ੂ ਬਿਮਾਰ ਹੋ ਚੁੱਕੇ ਹਨ, ਜਿਸ ਕਾਰਨ ਪਸ਼ੂ-ਪਾਲਕ ਤੇ ਕਿਸਾਨ ਡਾਹਢੇ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਉਹ ਆਪਣਾ ਰੁਜ਼ਗਾਰ ਪਹਿਲਾਂ ਹੀ ਸਹੀ ਨਾ ਚੱਲਣ ਕਾਰਨ ਪਸ਼ੂ ਪਾਲਣ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਗੁਜ਼ਾਰਾ ਕਰ ਰਹੇ ਹਨ, ਉਸ ਉੱਪਰ ਵੀ 'ਲੰਪੀ ਸਕਿਨ' ਬਿਮਾਰੀ ਦੇ ਕਹਿਰ ਕਾਰਨ ਉਨਾਂ ਦੇ ਪਸ਼ੂ ਗੰਭੀਰ ਬਿਮਾਰ ਹੋ ਚੁੱਕੇ ਹਨ, ਜਿਸ ਉੱਪਰ ਹਰ ਰੋਜ਼ ਹਜ਼ਾਰਾਂ ਰੁਪਏ ਦੀ ਦਵਾਈ ਦੀ ਲਾਗਤ ਆ ਰਹੀ ਹੈ |
ਇਲਾਕੇ ਦੀਆਂ ਲਗਭਗ 103 ਗਊਆਂ ਇਸ ਬਿਮਾਰੀ ਦੀ ਲਪੇਟ 'ਚ : ਵੈਟਨਰੀ ਅਫ਼ਸਰ
ਇਸ ਸਬੰਧੀ ਸੰਪਰਕ ਕਰਨ 'ਤੇ ਵੈਟਨਰੀ ਅਫਸਰ ਅੱਪਰਾ ਡਾ. ਦਾਤਾ ਰਾਮ ਨੇ ਕਿਹਾ ਕਿ ਉਕਤ 'ਲੰਪੀ ਸਕਿਨ' ਬਿਮਾਰੀ ਦੇ ਕਾਰਨ ਅੱਪਰਾ ਇਲਾਕੇ ਦੀਆਂ ਲਗਭਗ 103 ਗਊਆਂ ਇਸ ਬਿਮਾਰੀ ਦੀ ਲਪੇਟ 'ਚ ਆ ਚੁੱਕੀਆਂ ਹਨ | ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਉਕਤ ਬਿਮਾਰੀ ਦੇ ਸਬੰਧ 'ਚ ਦਵਾਈ ਦੀ ਡੋਜ਼ ਵੀ ਭੇਜੀ ਗਈ ਹੈ ਤਾਂ ਕਿ ਪਸ਼ੂ-ਪਾਲਕਾਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ |
ਜਲੰਧਰ ਵਿਖੇ ਡਰੱਗ ਮਹਿਕਮੇ ਵੱਲੋਂ ਦਵਾਈਆਂ ਦੀ ਦੁਕਾਨ ’ਤੇ ਛਾਪੇਮਾਰੀ
NEXT STORY