ਚੰਡੀਗੜ੍ਹ: ਸਿਆਸਤਦਾਨ ਜੋ ਕਹਿੰਦੇ ਹਨ, ਉਸ ਦੇ ਸਿਆਸੀ ਅਰਥ ਹੁੰਦੇ ਹਨ, ਪਰ ਉਹ ਜੋ ਨਹੀਂ ਕਹਿੰਦੇ, ਉਸ ਦੇ ਅਰਥ ਉਸ ਤੋਂ ਵੱਧ ਗੁੰਝਲਦਾਰ ਹੁੰਦੇ ਹਨ ਪਰ ਕਈ ਵਾਰ ਜੋ ਸ਼ਬਦਾਂ ਦੀ ਥਾਂ ਚਿੰਨ੍ਹ ਵਰਤੇ ਜਾਂਦੇ ਹਨ, ਉਨ੍ਹਾਂ ਦੀ ਵਿਆਖਿਆ ਸਭ ਤੋਂ ਅਹਿਮ ਹੋ ਨਿੱਬੜਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਜ਼ਾ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੇ ਭਾਸ਼ਣ ਦੌਰਾਨ ਕਹੇ ਗਏ ਸ਼ਬਦਾਂ ਦੇ ਸਿਆਸੀ ਅਰਥ ਕੱਢੇ ਜਾ ਰਹੇ ਹਨ, ਜੋ ਉਨ੍ਹਾਂ ਨਹੀਂ ਬੋਲਿਆ, ਉਸ ਦੇ ਵੀ ਅਰਥ ਸਮਝੇ ਜਾ ਰਹੇ ਹਨ।
ਮੋਦੀ ਦੀ ਜਲੰਧਰ ਫੇਰੀ ਦੌਰਾਨ ਜਿਸ ਚਿੰਨ੍ਹ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ, ਉਹ ਹੈ ਪ੍ਰਧਾਨ ਮੰਤਰੀ ਦਾ ਹਰੇ ਰੰਗ ਦੀ ਦਸਤਾਰ ਸਜਾ ਕੇ ਮੰਚ ਉੱਤੇ ਆਉਣਾ। ਭਾਵੇਂ ਕਿ ਪ੍ਰਧਾਨ ਮੰਤਰੀ ਜਦੋਂ ਵੀ ਪੰਜਾਬ ਆਏ, ਉਨ੍ਹਾਂ ਨੇ ਜ਼ਿਆਦਾ ਕਰਕੇ ਭਗਵੇਂ/ ਕੇਸਰੀ ਰੰਗ ਦੀ ਦਸਤਾਰ ਸਜਾਈ, ਇਹ ਪਹਿਲੀ ਵਾਰ ਹੈ, ਉਹ ਜਦੋਂ ਪੰਜਾਬ ਵਿੱਚ ਹਰੇ ਰੰਗ ਦੀ ਦਸਤਾਰ ਸਜਾ ਕੇ ਆਏ ਹਨ। ਭਗਵਾਂ ਰੰਗ ਭਾਰਤੀ ਜਨਤਾ ਪਾਰਟੀ ਦੀ ਹਿੰਦੂਪੱਖ਼ੀ ਸਿਆਸਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ, ਪਰ ਹਰੇ ਰੰਗ ਨਾਲ ਦੋ ਤਰ੍ਹਾਂ ਦੀ ਪਛਾਣ ਜੁੜੀ ਹੋਈ ਹੈ। ਪਹਿਲੀ ਜਵਾਨ (ਫੌਜ) ਤੇ ਦੂਜੀ ਕਿਸਾਨ। ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਹਰਾ ਰੰਗ ਕਿਸਾਨਾਂ ਦੀ ਜਥੇਬੰਦਕ ਤਾਕਤ ਦਾ ਚਿੰਨ੍ਹ ਹੈ। ਇਹ ਸੰਘਰਸ਼ ਕਰਨ ਅਤੇ ਸਰਕਾਰ ਨੂੰ ਚੁਣੌਤੀ ਦੇਣ ਦਾ ਵੀ ਪ੍ਰਗਟਾਵਾ ਹੈ।
ਇਸ ਲਈ ਸਿਆਸੀ ਜਾਣਕਾਰ ਸਮਝਦੇ ਹਨ ਕਿ ਪ੍ਰਧਾਨ ਮੰਤਰੀ ਨੇ ਹਰੇ ਰੰਗ ਦੀ ਦਸਤਾਰ ਸਜਾ ਕੇ ਪੰਜਾਬ ਦੀ ਕਿਸਾਨੀ ਨੂੰ ਸੁਨੇਹਾ ਦਿੱਤਾ ਹੈ ਕਿ ਖੇਤੀ ਅਤੇ ਕਿਸਾਨ ਭਲਾਈ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਜਿੱਥੇ ਹਰਿਆਣਾ ਦੀ ਭਾਜਪਾ ਸਰਕਾਰ ਦੇ 24 ਫ਼ਸਲਾਂ ਉੱਤੇ ਐੱਮਐੱਸਪੀ ਦੇਣ ਦਾ ਉਚੇਚਾ ਜ਼ਿਕਰ ਕੀਤਾ। ਉੱਥੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕਰਨ ਦੀ ਗੱਲ ਕਰਦਿਆਂ ਕਿਸਾਨਾਂ ਨੂੰ ਸੰਕੇਤ ਦਿੱਤਾ ਕਿ ਖੇਤੀ ਅਤੇ ਕਿਸਾਨ ਭਾਰਤੀ ਜਨਤਾ ਪਾਰਟੀ ਲਈ ਪ੍ਰਮੁੱਖ ਏਜੰਡਾ ਹੈ, ਜਿਸ ਨੂੰ ਪੰਜਾਬ ਵਿੱਚ ਸਰਕਾਰ ਬਣਨ ਉੱਤੇ ਲਾਗੂ ਕੀਤਾ ਜਾਵੇਗਾ।
ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਨਾਲ ਜੋ ਭਾਰਤੀ ਜਨਤਾ ਪਾਰਟੀ ਬਾਰੇ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਨੇ ਸਿਆਸੀ ਬਿਰਤਾਂਤ ਸਿਰਜਿਆ ਸੀ, ਉਸ ਨੂੰ ਵੀ ਪ੍ਰਧਾਨ ਮੰਤਰੀ ਨੇ ਹਰਿਆਣਾ ਸਰਕਾਰ ਵਲੋਂ ਐੱਮਐੱਸਪੀ ਦੇਣ ਦੀ ਮਿਸਾਲ ਦੇ ਕੇ ਤੋੜਿਆ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਨਰਿੰਦਰ ਮੋਦੀ ਸਰਕਾਰ ਦੇ ਕੌਮਾਂਤਰੀ ਵਪਾਰਕ ਸਮਝੌਤੇ ਵਿੱਚੋਂ ਕਣਕ ਅਤੇ ਦੁੱਧ ਨੂੰ ਬਾਹਰ ਰੱਖਣ ਅਤੇ ਐੱਮਐੱਸਪੀ ਵਿੱਚ ਹਰ ਸਾਲ ਚੋਖਾ ਵਾਧਾ ਕਰਨ ਦੇ ਤੱਥ ਨੂੰ ਪ੍ਰਮੁੱਖਤਾ ਨਾਲ ਉਭਾਰ ਕੇ ਕਿਸਾਨਪੱਖੀ ਏਜੰਡੇ ਨੂੰ ਉਭਾਰਿਆ।
ਜਲੰਧਰ ਫੇਰੀ ਦੌਰਾਨ ਨਰਿੰਦਰ ਮੋਦੀ ਦੀ ਖੇਤੀ ਅਤੇ ਕਿਸਾਨ ਹਿੱਤਾਂ ਦੀ ਪਹਿਰੇਦਾਰੀ ਦੇ ਬਿਰਤਾਂਤ ਨੂੰ ਮੁੱਖ ਸਿਆਸੀ ਏਜੰਡੇ ਵਜੋਂ ਵੀ ਪੇਸ਼ ਕਰਨਾ ਭਾਰਤੀ ਜਨਤਾ ਪਾਰਟੀ ਦੀ ਬਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਸੂਬਾ ਪ੍ਰਧਾਨ ਤੱਕ ਮੰਚ ਤੋਂ ਬੋਲਣ ਵਾਲੇ ਲਗਭਗ ਸਾਰੇ ਹੀ ਬੁਲਾਰਿਆਂ ਨੇ ਵਾਰ-ਵਾਰ ਕਿਸਾਨੀ ਮੁੱਦੇ ਨੂੰ ਜਿਸ ਤਰੀਕੇ ਨਾਲ ਉਭਾਰਿਆ ਉਹ ਪ੍ਰਧਾਨ ਮੰਤਰੀ ਦੇ ਹਰੇ ਰੰਗ ਦੀ ਦਸਤਾਰ ਦੇ ਚਿੰਨ੍ਹ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਸੀ।
ਸਿਆਸੀ ਤੌਰ ਉੱਤੇ ਮੋਦੀ ਦੇ ਪਹਿਲੇ ਦੌਰਿਆਂ ਦੌਰਾਨ ਬੰਨ੍ਹੀਂ ਭਗਵੇਂ ਰੰਗ ਦੀ ਦਸਤਾਰ ਜਿੱਥੇ ਭਾਜਪਾ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਹੁੰਦੀ ਸੀ, ਉੱਥੇ ਅਕਾਲੀ ਦਲ ਦੇ ਕੇਸਰੀ ਰੰਗ ਨਾਲ ਵੀ ਮਿਲਦੀ-ਜੁਲਦੀ ਸੀ। ਇਹ ਭਾਜਪਾ ਦੇ ਪੰਜਾਬ ਵਿੱਚ ਹਿੰਦੂ-ਸਿੱਖ ਏਕਤਾ ਦੇ ਪ੍ਰਮੁੱਖ ਏਜੰਡੇ ਦਾ ਚਿੰਨ੍ਹ ਬਣਦੀ ਸੀ। ਪਰ ਹੁਣ ਹਰੇ ਰੰਗ ਦੀ ਦਸਤਾਰ ਨਾਲ ਮੋਦੀ ਨੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਿਰਫ਼ ਹਿੰਦੂਵਾਦੀ ਪਾਰਟੀ ਹੋਣ ਦੀ ਰਵਾਇਤੀ ਪਛਾਣ ਦਾ ਵੀ ਨਵੀਨੀਕਰਨ ਕੀਤਾ ਹੈ।
ਹਰੇ ਰੰਗ ਦੀਆਂ ਵਰਗਲਾਂ ਵਿੱਚ ਹਰ ਵਰਗ ਦੀ ਨੁੰਮਾਇਦਗੀ ਹੈ ਅਤੇ ਕਤਾਰ ਵਿੱਚ ਖੜ੍ਹੇ ਹਰ ਆਦਮੀ ਤੱਕ ਬਿਨਾਂ ਕਿਸੇ ਭੇਦ-ਭਾਵ ਦੇ ਪਹੁੰਚ ਦੀ ਕੋਸ਼ਿਸ਼ ਵੀ। ਇਸ ਕੋਸ਼ਿਸ਼ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੰਚ ਤੋਂ ਕਹੇ ਗਏ ਉਨ੍ਹਾਂ ਸ਼ਬਦਾਂ ਰਾਹੀ ਵੀ ਸਮਝਿਆ ਜਾ ਸਕਦਾ ਹੈ, ਕਿ ਭਾਜਪਾ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗੇ ਸਾਸ਼ਨ ਦੀ ਮੁੱਦਈ ਹੈ, ਜਿਸ ਵਿੱਚ ਸਭ ਲਈ ਖੁਸ਼ਹਾਲੀ ਤੇ ਸੁਰੱਖਿਆ ਦੀ ਗਾਰੰਟੀ ਵੀ ਹੈ ਅਤੇ ਸਦਭਾਵਨਾ ਵੀ। ਨਰਿੰਦਰ ਮੋਦੀ ਨੇ ਹਰੇ ਰੰਗ ਦੀ ਦਸਤਾਰ ਨਾਲ ਭਾਜਪਾ ਦੀ ਪੰਜਾਬ ਵਿੱਚ ਸਿਆਸੀ ਪਛਾਣ ਦੇ ਨਵੀਨੀਕਰਨ, ਪਾਰਟੀ ਨੂੰ ਸੀਮਤ ਦਾਇਰੇ ਤੋਂ ਬਾਹਰ ਕੱਢਣ ਅਤੇ 2027 ਵਿੱਚ ਸਰਕਾਰ ਬਣਾਉਣ ਦੇ ਮਿਸ਼ਨ ਉੱਤੇ ਇਕੱਲੇ ਤੁਰਨ ਦਾ ਸਾਫ਼ ਤੇ ਸਪੱਸ਼ਟ ਸੰਕੇਤ ਦਿੱਤਾ ਹੈ।
ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ ਸਾਂਝੀ ਕੀਤੀ ਖ਼ਾਸ ਵੀਡੀਓ
NEXT STORY