ਮਾਨਸਾ, (ਮਿੱਤਲ)—ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ 'ਤੇ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਸ ਤਹਿਤ ਸਬਸਿਡੀ ਦੇ ਨਾਲ-ਨਾਲ ਚਾਹਵਾਨ ਵਿਅਕਤੀਆਂ ਲਈ ਮੁਫ਼ਤ ਸਿਖਲਾਈ ਕੈਂਪ ਵੀ ਲਾਏ ਜਾਂਦੇ ਹਨ। ਇਸੇ ਲੜੀ ਤਹਿਤ ਪਿੰਡ ਅਲੀਸ਼ੇਰ ਖੁਰਦ ਬਲਾਕ ਭੀਖੀ ਜ਼ਿਲਾ ਮਾਨਸਾ ਵਿਖੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ 12 ਏਕੜ 2 ਕਨਾਲ ਰਕਬੇ ਵਿਚ ਸਰਕਾਰੀ ਮੱਛੀ ਪੂੰਗ ਫਾਰਮ ਬਣਾਇਆ ਜਾ ਰਿਹਾ ਹੈ, ਜਿਸ ਸਬੰਧੀ ਚੇਅਰਮੈਨ ਮੱਛੀ ਪਾਲਕ ਵਿਕਾਸ ਏਜੰਸੀ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਿੱਧੂ ਨੇ ਦੱਸਿਆ ਕਿ ਸਰਕਾਰੀ ਮੱਛੀ ਪੂੰਗ ਫਾਰਮ ਵਿਖੇ ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਮੱਛੀਆਂ ਦੀਆਂ ਕਿਸਮਾਂ ਦਾ ਮੱਛੀ ਪੂੰਗ ਪੈਦਾ ਕਰ ਕੇ ਚਾਹਵਾਨ ਮੱਛੀ ਕਾਸ਼ਤਕਾਰਾਂ ਨੂੰ ਰਿਆਇਤੀ ਦਰਾਂ 'ਤੇ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੱਛੀ ਪੂੰਗ ਫਾਰਮ ਵਿਖੇ ਸਥਾਪਿਤ ਕੀਤੇ ਜਾ ਰਹੇ ਮੱਛੀ ਪਾਲਣ ਸਿਖਲਾਈ ਕੇਂਦਰ ਵਿਖੇ ਚਾਹਵਾਨ ਮੱਛੀ ਕਾਸ਼ਤਕਾਰਾਂ ਨੂੰ ਮੱਛੀ ਪਾਲਣ ਦੇ ਕਿੱਤੇ ਸਬੰਧੀ ਮੁਫ਼ਤ ਸਿਖਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੱਛੀ ਪੂੰਗ ਫਾਰਮ ਵਿਖੇ ਮੱਛੀ ਕਾਸ਼ਤਕਾਰਾਂ ਦੀ ਜ਼ਮੀਨ ਦੀ ਮਿੱਟੀ ਅਤੇ ਪਾਣੀ ਦੀ ਟੈਸਟਿੰਗ ਲਈ ਪ੍ਰਯੋਗਸ਼ਾਲਾ ਵੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਉਪਰੰਤ ਉਨ੍ਹਾਂ ਵੱਲੋਂ ਪਿੰਡ ਰੱਲਾ ਵਿਖੇ ਸ਼੍ਰੀ ਜਗਸੀਰ ਸਿੰਘ ਦੇ ਮੱਛੀ ਤਲਾਬ ਦਾ ਨਿਰੀਖਣ ਵੀ ਕੀਤਾ ਗਿਆ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਮਾਨਸਾ ਸ਼੍ਰੀ ਬ੍ਰਿਜ ਭੂਸ਼ਣ ਗੋਇਲ ਅਤੇ ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਸ਼੍ਰੀ ਰਜੇਸ਼ਵਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਹ ਪੰਜਾਬ ਰਾਜ ਵਿਚ 15ਵਾਂ ਸਰਕਾਰੀ ਮੱਛੀ ਪੂੰਗ ਫਾਰਮ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ ਤੇ ਰੂਪਨਗਰ ਵਿਖੇ 1-1 ਅਤੇ ਸੰਗਰੂਰ ਵਿਖੇ 2 ਸਰਕਾਰੀ ਮੱਛੀ ਪੂੰਗ ਫਾਰਮ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਮੱਛੀ ਪੂੰਗ ਫਾਰਮ ਦੀ ਸਥਾਪਨਾ ਨਾਲ ਇਲਾਕੇ ਦੇ ਕਿਸਾਨਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੱਛੀ ਪਾਲਣ ਦਾ ਧੰਦਾ ਕਰਨ ਲਈ ਬਹੁਤ ਜ਼ਿਆਦਾ ਫਾਇਦਾ ਪੰਹੁਚੇਗਾ।
ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਕਿਸਾਨਾਂ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਜਿਸ ਖੇਤਰ ਦਾ ਜ਼ਮੀਨ ਹੇਠਲਾ ਪਾਣੀ ਜ਼ਿਆਦਾ ਖਾਰਾ ਹੋਵੇ ਅਤੇ ਜ਼ਮੀਨ ਫਸਲ ਬੀਜਣ ਯੋਗ ਨਾ ਹੋਵੇ ਜਾਂ ਘੱਟ ਉਪਜਾਊ ਹੋਵੇ, ਤਾਂ ਉਸ ਜ਼ਮੀਨ ਨੂੰ ਮੱਛੀ ਪਾਲਣ ਜਾਂ ਝੀਂਗਾ ਪਾਲਣ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਅਤੇ ਇਸ ਤੋਂ ਚੰਗੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹਰ ਨੌਜਵਾਨ, ਬਜ਼ੁਰਗ, ਇਸਤਰੀ ਜਾਂ ਮਰਦ, ਪੜ੍ਹਿਆ ਜਾਂ ਅਨਪੜ੍ਹ ਸਹਿਜੇ ਹੀ ਮੱਛੀ ਪਾਲਣ ਦਾ ਧੰਦਾ ਅਪਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੱਢਲਾ ਗਿਆਨ ਦੇਣ ਲਈ ਹਰ ਮਹੀਨੇ 5 ਦਿਨਾਂ ਮੁਫ਼ਤ ਸਿਖਲਾਈ ਕੈਂਪ ਵੀ ਲਾਇਆ ਜਾਂਦਾ ਹੈ।
ਸ਼ਿਓਮੀ ਮੀ ਰਾਊਟਰ 4 ਚੀਨ 'ਚ ਹੋਇਆ ਲਾਂਚ
NEXT STORY