ਫ਼ਿਰੋਜ਼ਪੁਰ,(ਕੁਮਾਰ)— ਬੀ. ਐੱਸ. ਐੱਨ. ਐੱਲ. ਦੇ ਇਕ ਕਰਮਚਾਰੀ ਪ੍ਰੇਮ ਚੰਦ ਟੈਲੀਫੋਨ ਟੈਕਨੀਸ਼ੀਅਨ ਜਲਾਲਾਬਾਦ ਦੀ ਗਰਭਵਤੀ ਪਤਨੀ ਨੇ ਆਪਣੇ ਇਕ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਜਨਰਲ ਮੈਨਜ਼ਰ ਟੈਲੀਕਾਮ (ਜੀ. ਐੱਮ. ਟੀ.) ਫਿਰੋਜ਼ਪੁਰ ਦੇ ਦਫਤਰ ਬਾਹਰ ਰੋਸ ਧਰਨਾ ਦਿੱਤਾ। ਇਸ ਦੌਰਾਨ ਉਸ ਨੇ ਦੋਸ਼ ਲਗਾਇਆ ਕਿ ਬੀ. ਐੱਸ. ਐੱਨ. ਐੱਲ. ਫਾਜ਼ਿਲਕਾ ਦੇ ਸਬੰਧਤ ਡੀ. ਈ. ਟੀ. ਤੇ ਡੀ. ਜੀ. ਐੱਮ. ਫਾਈਨਾਸ ਫਿਰੋਜ਼ਪੁਰ ਵਲੋਂ ਕਥਿਤ ਰੂਪ 'ਚ ਉਸ ਦੇ ਪਤੀ ਪ੍ਰੇਮ ਚੰਦ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਸਟੇਸ਼ਨ ਲੀਵ ਵਧਾਈ ਨਹੀ ਜਾ ਰਹੀ।
ਔਰਤ ਰੂਬੀ ਪਤਨੀ ਪ੍ਰੇਮ ਚੰਦ ਵਾਸੀ ਫਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਉਸ ਦਾ ਪਰਿਵਾਰ ਫਿਰੋਜ਼ਪੁਰ ਛਾਉਣੀ ਦੇ ਬਜ਼ਾਰ ਨੰਬਰ 2 'ਚ ਰਹਿੰਦਾ ਹੈ। ਜਦਕਿ ਉਸ ਦਾ ਪਤੀ ਬੀ. ਐੱਸ. ਐੱਨ. ਐੱਲ. ਦੇ ਅਧਿਕਾਰੀਆਂ ਤੋਂ ਸਟੇਸ਼ਨ ਲੀਵ ਲੈ ਕੇ ਰੋਜ਼ਾਨਾ ਫਿਰੋਜ਼ਪੁਰ ਤੋਂ ਆਪਣੀ ਡਿਊਟੀ 'ਤੇ ਜਲਾਲਾਬਾਦ 'ਚ ਜਾਂਦਾ ਸੀ ਅਤੇ ਸ਼ਾਮ ਨੂੰ ਜਲਾਲਾਬਾਦ ਤੋਂ ਫਿਰੋਜ਼ਪੁਰ ਵਾਪਸ ਆਉਂਦਾ ਸੀ। ਰੂਬੀ ਮੁਤਾਬਕ ਫਿਰੋਜ਼ਪੁਰ ਛਾਉਣੀ 'ਚ ਜਿਥੇ ਉਹ ਕਿਰਾਏ 'ਤੇ ਰਹਿੰਦੇ ਹਨ, ਉਹ ਘਰ ਫਾਜ਼ਿਲਕਾ ਦੇ ਸਬੰਧਤ ਡੀ. ਈ. ਟੀ. ਦੇ ਰਿਸ਼ੇਤਦਾਰ ਦਾ ਹੈ ਅਤੇ ਕਥਿਤ ਰੂਪ ਵਿਚ ਡੀ. ਈ. ਟੀ. ਚਾਹੁੰਦਾ ਹੈ ਕਿ ਉਹ ਮਕਾਨ ਖਾਲੀ ਹੋ ਜਾਵੇ।
ਧਰਨਕਾਰੀ ਰੂਬੀ ਨੇ ਦੱਸਿਆ ਕਿ ਇਸ ਮਕਾਨ ਨੂੰ ਲੈ ਕੇ ਉਨ੍ਹਾਂ ਨੇ ਫਿਰੋਜ਼ਪੁਰ ਦੀ ਅਦਾਲਤ ਵਿਚ ਕੇਸ ਕੀਤਾ ਹੋਇਆ ਹੈ, ਜੋ ਕਿ ਹੁਣ ਵੀ ਪੈਂਡਿੰਗ ਹੈ। ਉਸ ਨੇ ਦੋਸ਼ ਲਗਾਉਂਦੇ ਕਿਹਾ ਕਿ ਸਬੰਧਤ ਅਧਿਕਾਰੀ ਉਸ ਦੇ ਪਤੀ ਦੀ ਸਟੇਸ਼ਨ ਲੀਵ ਇਸ ਲਈ ਐਕਸਟੈਂਡ ਨਹੀ ਕਰ ਰਿਹਾ ਕਿਉਂਕਿ ਉਹ ਦਬਾਅ ਬਣਾ ਕੇ ਆਪਣੇ ਰਿਸ਼ਤੇਦਾਰ ਦਾ ਮਕਾਨ ਖਾਲੀ ਕਰਵਾਉਣਾ ਚਾਹੁੰਦਾ ਹੈ। ਔਰਤ ਨੇ ਕਿਹਾ ਕਿ ਉਹ ਗਰਭਵਤੀ ਹੈ ਅਤੇ ਉਸਦੀ ਦੇਖਭਾਲ ਕਰਨ ਵਾਲਾ ਉਸਦਾ ਪਤੀ ਪ੍ਰੇਮ ਚੰਦ ਹੀ ਹੈ ਅਤੇ ਅਜਿਹੇ ਹਾਲਾਤਾਂ 'ਚ ਉਸ ਦੇ ਪਤੀ ਨੂੰ ਸਟੇਸ਼ਨ ਲੀਵ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਉਸਨੇ ਕਿਹਾ ਕਿ ਸਾਡੇ ਨਾਲ ਅਨਿਆਂ ਅਤੇ ਧੱਕੇਸ਼ਾਹੀ ਨਾ ਕੀਤੀ ਜਾਵੇ।
ਸਟਾਫ ਦੀ ਕਮੀ ਕਾਰਨ ਸਟੇਸ਼ਨ ਲੀਵ ਦੇਣ 'ਚ ਆ ਰਹੀ ਮੁਸ਼ਕਿਲ : ਜਨਰਲ ਮੈਨੇਜ਼ਰ ਟੈਲੀਕਾਮ
ਦੂਜੇ ਪਾਸੇ ਸੰਪਰਕ ਕਰਨ 'ਤੇ ਜਨਰਲ ਮੈਨੇਜ਼ਰ ਟੈਲੀਕਾਮ ਫਿਰੋਜ਼ਪੁਰ ਨੇ ਵਿਭਾਗ ਦਾ ਪੱਖ ਦਿੰਦੇ ਹੋਏ ਦੱਸਿਆ ਕਿ ਸਟਾਫ ਦੀ ਕਮੀ ਹੋਣ ਕਾਰਨ ਪ੍ਰੇਮ ਚੰਦ ਨੂੰ ਸਟੇਸ਼ਨ ਲੀਵ ਦੇਣ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਮਜ਼ਬੂਰੀ ਨੂੰ ਦੇਖਦੇ ਹੋਏ ਬੀ. ਐੱਸ. ਐੱਨ. ਐੱਲ. ਅਧਿਕਾਰੀ ਸਟੇਸ਼ਨ ਲੀਵ ਦੇ ਸਕਦੇ ਹਨ ਪਰ ਜਦ ਸਟਾਫ ਦੀ ਭਾਰੀ ਕਮੀ ਹੋਵੇ ਤਾਂ ਵਿਭਾਗ ਨੂੰ ਦਫਤਰੀ ਕੰਮ ਕਾਜ 'ਤੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਗਲਤ ਹੈ ਕਿ ਡੀ. ਈ. ਟੀ. ਫਾਜਿਲਕਾ ਸ਼੍ਰੀ ਕੀਰਤਕਰਨ ਮਿਤਲ ਅਤੇ ਡੀ. ਜੀ. ਐੱਮ. ਫਾਈਨਾਸ ਹਰੀ ਚੰਦ ਗੁਪਤਾ ਆਪਣੇ ਰਿਸ਼ਤੇਦਾਰ ਦਾ ਮਕਾਨ ਖਾਲੀ ਕਰਨ ਦੇ ਲਈ ਪ੍ਰੇਮ ਚੰਦ ਟੈਲੀਕਾਮ ਟੈਕਨੀਸ਼ੀਅਨ ਦੀ ਸਟੇਸ਼ਨ ਲੀਵ ਐਕਸਟੈਂਡ ਨਹੀ ਕਰ ਰਹੇ।
ਸੱਟ ਕਾਰਨ ਪਿੱਛੇ ਹਟੀ ਸੇਰੇਨਾ, ਕੁਆਟਰਫਾਈਨਲ 'ਚ ਸ਼ਾਰਾਪੋਵਾ
NEXT STORY