ਨੈਸ਼ਨਲ ਡੈਸਕ- ਭਾਈ-ਭਾਈ ਦੇ ਨਾਅਰੇ ਦੇ ਵਿਚਾਲੇ ਚੀਨ ਨੇ ਨਾ ਸਿਰਫ਼ ਭਾਰਤ ਨੂੰ ਮਹੱਤਵਪੂਰਨ ਖਣਿਜਾਂ ਦੀ ਬਰਾਮਦ ਵਿਚ ਕਟੌਤੀ ਕੀਤੀ ਹੈ, ਸਗੋਂ ਖਾਦਾਂ ਦੀ ਸਪਲਾਈ ਵਿਚ ਵੀ ਭਾਰੀ ਕਟੌਤੀ ਕਰ ਦਿੱਤੀ ਹੈ, ਜਿਸ ਕਾਰਨ ਭਾਰਤੀ ਕਿਸਾਨਾਂ ਲਈ ਖਾਦਾਂ ਦੀ ਘਾਟ ਪੈਦਾ ਹੋ ਗਈ ਹੈ।
ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਚੀਨ ਤੋਂ ਯੂਰੀਆ ਦੀ ਦਰਾਮਦ 2024-25 ਵਿਚ ਘੱਟ ਕੇ ਇਕ ਲੱਖ ਮੀਟ੍ਰਿਕ ਟਨ ਤੋਂ ਵੀ ਘੱਟ ਰਹਿ ਗਈ, ਜਦਕਿ 2023-24 ਵਿਚ ਇਹ 18.65 ਲੱਖ ਟਨ ਸੀ। ਇਹ ਉਦੋਂ ਹੋਇਆ ਜਦੋਂ ਭਾਰਤ ਦੀ ਯੂਰੀਆ ਦੀ ਖਪਤ 357.80 ਲੱਖ ਟਨ ਤੋਂ ਵਧ ਕੇ 387.92 ਲੱਖ ਟਨ ਹੋ ਗਈ, ਜਦੋਂ ਕਿ ਘਰੇਲੂ ਉਤਪਾਦਨ 314.09 ਲੱਖ ਟਨ ਤੋਂ ਘਟ ਕੇ 306.67 ਲੱਖ ਟਨ ਹੋ ਗਿਆ। ਕੁੱਲ ਯੂਰੀਆ ਦਰਾਮਦ ਵੀ 71.04 ਲੱਖ ਟਨ ਤੋਂ ਘਟ ਕੇ 56.46 ਲੱਖ ਟਨ ਹੋ ਗਈ।
ਡਾਇ-ਅਮੋਨੀਅਮ ਫਾਸਫੇਟ (ਡੀ. ਏ. ਪੀ.) ਦੀ ਵੀ ਇਹੋ ਸਥਿਤੀ ਰਹੀ। ਚੀਨ ਦਾ ਭਾਰਤ ਨੂੰ ਬਰਾਮਦ 2023-24 ਵਿਚ 22.28 ਲੱਖ ਟਨ ਤੋਂ ਘਟ ਕੇ 2024-25 ਵਿਚ ਸਿਰਫ 8.47 ਲੱਖ ਟਨ ਰਹਿ ਗਿਆ। ਇਸ ਦੌਰਾਨ, ਭਾਰਤ ਦਾ ਆਪਣਾ ਡੀ. ਏ. ਪੀ. ਉਤਪਾਦਨ 43 ਲੱਖ ਟਨ ਤੋਂ ਘਟ ਕੇ 37.72 ਲੱਖ ਟਨ ਰਹਿ ਗਿਆ, ਜਿਸ ਨਾਲ ਖਪਤ 109.72 ਲੱਖ ਟਨ ਤੋਂ ਘੱਟ ਕੇ 96.29 ਲੱਖ ਟਨ ਰਹਿ ਗਈ।
ਰਾਜ ਸਭਾ ਵਿਚ ਦਿੱਤੇ ਇਕ ਬਿਆਨ ਵਿਚ, ਸਰਕਾਰ ਨੇ ਮੰਨਿਆ ਕਿ ਸੋਮਿਆ ਦੀ ਘਾਟ ਕਾਰਨ ਭਾਰਤ ਘਰੇਲੂ ਤੌਰ ’ਤੇ ਆਪਣੀ ਖਾਦ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਦਾ ਅਤੇ ਉਸਨੂੰ ਦਰਾਮਦ ’ਤੇ ਨਿਰਭਰ ਰਹਿਣਾ ਪੈਂਦਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਬੀਜਿੰਗ ਦਾ ਇਹ ਕਦਮ ਭੂ-ਰਾਜਨੀਤੀ ਨਾਲ ਜੁੜਿਆ ਹੋਇਆ ਹੈ, ਸਰਕਾਰ ਨੇ ਚੀਨ ਦੇ ਸੋਧੇ ਹੋਏ ਬਰਾਮਦ ਨਿਯਮਾਂ ਵੱਲ ਇਸ਼ਾਰਾ ਕੀਤਾ ਜਿਸ ਵਿਚ ਲਾਜ਼ਮੀ ਨਿਰੀਖਣ ਦੀ ਲੋੜ ਵਾਲੇ ਉਤਪਾਦਾਂ ਦੀ ਸੂਚੀ ਦਾ ਵਿਸਤਾਰ ਕਰ ਕੇ ਡੀ. ਏ. ਪੀ. ਸਮੇਤ 29 ਖਾਦ-ਸਬੰਧਤ ਉਤਪਾਦਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਘਾਟ ਅਤੇ ਸਪਲਾਈ ਦੇ ਹੋਰ ਦਬਾਅ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਜ਼ਾਦੀ ਦਿਹਾੜੇ ਦੇ ਭਾਸ਼ਣ ਵਿਚ ਖਾਦ ਉਤਪਾਦਨ ਵਿਚ ਸਵੈ-ਨਿਰਭਰਤਾ ਦਾ ਸੱਦਾ ਦਿੱਤਾ ਅਤੇ ਦਰਾਮਦਾਂ ’ਤੇ ਭਾਰੀ ਨਿਰਭਰਤਾ ’ਤੇ ਚਿੰਤਾ ਪ੍ਰਗਟ ਕੀਤੀ।
ਭਾਰਤ ਅੱਜ ਤੋਂ ਸ਼ੁਰੂ ਹੋ ਰਹੀ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦੀ ਭਾਰਤ ਯਾਤਰਾ ਦੌਰਾਨ ਇਸ ਮੁੱਦੇ ਨੂੰ ਧਿਆਨ ਵਿਚ ਲਿਆ ਸਕਦਾ ਹੈ।
ਲਸ਼ਕਰ ਦੇ 2 ਸਹਿਯੋਗੀ ਗ੍ਰਿਫਤਾਰ, ਗੋਲਾ-ਬਾਰੂਦ ਬਰਾਮਦ
NEXT STORY