ਟਾਂਡਾ ਉੜਮੁੜ, (ਪੰਡਿਤ)- ਬੇਟ ਇਲਾਕੇ ਦੇ ਪਿੰਡ ਸਲੇਮਪੁਰ ਵਿਚ ਇਕ ਵਿਆਹੁਤਾ ਦੀ ਰਹੱਸਮਈ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕਾ ਹਰਜੀਤ ਕੌਰ (27) ਦੇ ਮਾਪਿਆਂ ਨੇ ਉਸ ਦੇ ਪਤੀ ਉੱਤੇ ਉਸ ਨੂੰ ਕਤਲ ਕਰਨ ਦਾ ਦੋਸ਼ ਲਾਇਆ ਹੈ। ਫਿਲਹਾਲ ਟਾਂਡਾ ਪੁਲਸ ਨੇ ਮ੍ਰਿਤਕਾ ਦੇ ਪਿਤਾ ਜਸਵਿੰਦਰ ਸਿੰਘ ਪੁੱਤਰ ਸਰਦਾਰ ਸਿੰਘ ਨਿਵਾਸੀ ਕਾਹਨੂੰਵਾਨ ਦੇ ਬਿਆਨ ਦੇ ਆਧਾਰ 'ਤੇ ਉਸ ਦੇ ਪਤੀ ਲਖਵਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਸਲੇਮਪੁਰ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਹਰਜੀਤ ਕੌਰ ਦਾ ਵਿਆਹ ਸਲੇਮਪੁਰ ਵਾਸੀ ਸੁਖਵਿੰਦਰ ਸਿੰਘ ਨਾਲ ਕੀਤਾ ਸੀ ਪਰ 2016 ਵਿਚ ਉਸ ਦੀ ਮੌਤ ਹੋ ਗਈ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹਰਜੀਤ ਦਾ ਵਿਆਹ ਸੁਖਵਿੰਦਰ ਦੇ ਛੋਟੇ ਭਰਾ ਲਖਵਿੰਦਰ ਸਿੰਘ ਨਾਲ ਕਰ ਦਿੱਤਾ ਗਿਆ। ਲਖਵਿੰਦਰ ਫਰਾਂਸ ਵਿਚ ਕੰਮ ਕਰਦਾ ਹੈ ਅਤੇ ਹਰਜੀਤ ਆਪਣੇ ਦੋ ਬੱਚਿਆਂ ਨਾਲ ਘਰ ਵਿਚ ਰਹਿੰਦੀ ਸੀ। ਲਖਵਿੰਦਰ 19 ਮਈ ਨੂੰ ਹੀ ਫਰਾਂਸ ਤੋਂ ਵਾਪਸ ਆਇਆ ਸੀ। ਉਸ ਨੇ ਦੱਸਿਆ ਕਿ 20 ਮਈ ਨੂੰ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ ਹੈ। ਜਦੋਂ ਉਨ੍ਹਾਂ ਸਲੇਮਪੁਰ ਆ ਕੇ ਹਰਜੀਤ ਕੌਰ ਦੀ ਲਾਸ਼ ਦੇਖੀ ਤਾਂ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਨੀਲ ਪਏ ਹੋਏ ਸਨ। ਜਸਵਿੰਦਰ ਸਿੰਘ ਨੇ ਦੱਸਿਆ ਕਿ ਲਖਵਿੰਦਰ ਪਹਿਲਾਂ ਵੀ ਹਰਜੀਤ ਕੌਰ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਉਸ ਨੇ ਦੋਸ਼ ਲਾਇਆ ਕਿ ਹਰਜੀਤ ਨੂੰ ਲਖਵਿੰਦਰ ਸਿੰਘ ਨੇ ਜਾਂ ਤਾਂ ਕੁੱਟ-ਮਾਰ ਕੇ ਕਤਲ ਕਰ ਦਿੱਤਾ ਹੈ ਜਾਂ ਉਸ ਨੇ ਲਖਵਿੰਦਰ ਤੋਂ ਤੰਗ-ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਤਮਹੱਤਿਆ ਕਰ ਲਈ ਹੈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਉਸ ਦੇ ਪਤੀ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਹਤ ਵਿਭਾਗ ਵੱਲੋਂ ਡੇਅਰੀਆਂ 'ਚ ਛਾਪਾਮਾਰੀ ; 5 ਸੈਂਪਲ ਲਏ
NEXT STORY