ਕਾਹਨੂਵਾਨ, ਗੁਰਦਾਸਪੁਰ, (ਵਿਨੋਦ)- ਪੰਜਾਬ ਦੇ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਅਜਿਹਾ ਹੀ ਇਕ ਮਾਮਲਾ ਪਿੰਡ ਭੈਣੀ ਮੀਆਂ ਖਾਨ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਕਿਸਾਨ ਨੇ ਸਿਰ ’ਤੇ ਕਰਜ਼ੇ ਦੀ ਪੰਡ ਹੋਣ ਕਾਰਨ ਜ਼ਹਿਰ ਖਾ ਲਿਆ।
ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ ਭੈਣੀ ਮੀਆਂ ਖਾਨ ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ, ਿਜਸ ਕੋਲ ਕੇਵਲ ਡੇਢ ਏਕਡ਼ ਜ਼ਮੀਨ ਹੈ। ਉਸਦੇ ਸਿਰ ਬੈਂਕ ਦਾ 3 ਲੱਖ ਰੁਪਏ ਦਾ ਕਰਜ਼ਾ ਹੈ। ਇਸ ਤੋਂ ਇਲਾਵਾ ਉਸ ਨੇ ਸ਼ਾਹੂਕਾਰਾਂ ਅਤੇ ਹੋਰ ਰਿਸ਼ਤੇਦਾਰਾਂ ਕੋਲੋਂ ਵੀ 4 ਲੱਖ ਰੁਪਏ ਲਏ ਹੋਏ ਹਨ। ਉਸ ਨੇ ਪਿਛਲੇ ਦਿਨੀਂ ਆਪਣੀ ਲੜਕੀ ਦਾ ਵਿਆਹ ਕੀਤਾ ਸੀ, ਜਿਸ ਕਾਰਨ ਉਹ ਹੋਰ ਆਰਥਕ ਮੰਦਹਾਲੀ ਹੇਠ ਆ ਗਿਆ।
ਇਸ ਸਬੰਧੀ ਕਿਸਾਨ ਦੇ ਪੁੱਤਰ ਮਨਪ੍ਰੀਤ ਸਿੰਘ, ਭਰਾ ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਸਰਪੰਚ ਗੁਰਪ੍ਰੀਤ ਰਿਆਡ਼ ਨੇ ਦੱਸਿਆ ਕਿ ਬੀਤੇ ਦਿਨੀਂ ਕਿਸਾਨ ਸਤਨਾਮ ਸਿੰਘ ਨੇ ਆਪਣੇ ਖੇਤਾਂ ’ਚ ਜਾ ਕੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਅਤੇ ਸ਼ਾਮ ਨੂੰ ਘਰ ਆ ਕੇ ਦੱਸਿਆ ਕਿ ਉਸ ਨੇ ਜ਼ਹਿਰ ਨਿਗਲ ਲਿਆ ਹੈ। ਇਸ ਦੌਰਾਨ ਸਤਨਾਮ ਸਿੰਘ ਦੀ ਹਾਲਤ ਇਕਦਮ ਵਿਗਡ਼ ਗਈ, ਜਿਸ ਕਰ ਕੇ ਉਸ ਨੂੰ ਗੰਭੀਰ ਹਾਲਤ ’ਚ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ। ਕਿਸਾਨ ਦੇ ਪਰਿਵਾਰ ਨੇ ਦੱਸਿਆ ਕਿ ਸਤਨਾਮ ਸਿੰਘ ਜ਼ਿੰਦਗੀ ਅਤੇ ਮੌਤ ਦੀ ਲਡ਼ਾਈ ਲਡ਼ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਰ ਦੀ ਹਾਲਤ ਖਰਾਬ ਹੋਣ ਕਰ ਕੇ ਉਨ੍ਹਾਂ ਨੂੰ ਇਲਾਜ ਲਈ ਬਹੁਤ ਮੁਸ਼ਕਲਾਂ ਅਾ ਰਹੀਅਾਂ ਹਨ। ਸਤਨਾਮ ਸਿੰਘ ਦਾ ਇਲਾਜ ਵੀ ਪਿੰਡ ਵਾਸੀਆਂ ਅਤੇ ਸੱਜਣਾਂ-ਮਿੱਤਰਾਂ ਵੱਲੋਂ ਮਿਲੀ ਸਹਾਇਤਾ ’ਤੇ ਚੱਲ ਰਿਹਾ ਹੈ। ਇਸ ਸਬੰਧੀ ਥਾਣਾ ਭੈਣੀ ਮੀਆਂ ਖਾਨ ਵਿਚ ਸੂਚਨਾ ਦਿੱਤੀ ਗਈ ਹੈ। ਥਾਣਾ ਮੁਖੀ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਵੱਲੋਂ ਮਾਨਸਿਕ ਪ੍ਰੇਸ਼ਾਨੀ ’ਚ ਹੀ ਅਜਿਹਾ ਕਦਮ ਉਠਾਇਆ ਲੱਗਦਾ ਹੈ, ਬਾਕੀ ਕਿਸਾਨ ਅਜੇ ਬਿਆਨ ਦੇਣ ਲਈ ਅਸਮਰੱਥ ਹੈ।
ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ
NEXT STORY