ਬੈਂਗਲੁਰੂ, (ਏਜੰਸੀਆਂ)— ਕਰਨਾਟਕ ਦਾ ਨਾਟਕ ਬੇਸ਼ੱਕ ਖਤਮ ਨਹੀਂ ਹੋਇਆ ਪਰ ਦੇਸ਼ ਦੇ 4 ਹੋਰਨਾਂ ਸੂਬਿਆਂ 'ਚ ਨਵੇਂ ਸਿਰੇ ਤੋਂ ਸਰਕਾਰ ਦੇ ਗਠਨ ਦੀ ਮੰਗ ਹੋਣ ਲੱਗੀ ਹੈ। ਕਰਨਾਟਕ ਦੇ ਸਿਆਸੀ ਘਮਾਸਾਨ ਦਾ ਅਸਰ ਗੋਆ, ਬਿਹਾਰ, ਮਣੀਪੁਰ ਅਤੇ ਮੇਘਾਲਿਆ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸੂਬਿਆਂ ਵਿਚ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਸਰਕਾਰ ਬਣਾਉਣ ਦਾ ਦਾਅਵਾ ਠੋਕਿਆ ਹੈ।
ਇਸ ਤੋਂ ਪਹਿਲਾਂ ਸਰਕਾਰ ਬਣਾਉਣ ਲਈ ਸੁਪਰੀਮ ਕੋਰਟ ਵਿਚ ਪੂਰੀ ਰਾਤ ਚੱਲੀ ਹਾਈ ਵੋਲਟੇਜ ਕਾਨੂੰਨੀ ਲੜਾਈ ਪਿੱਛੋਂ 75 ਸਾਲਾ ਬੁਕਾਨਾਕੇਰੇ ਸਿੱਧਲਿੰਗੱਪਾ ਯੇਦੀਯੁਰੱਪਾ ਨੇ ਕਰਨਾਟਕ ਦੇ 24ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਹ ਬਿਨਾਂ ਬਹੁਮਤ ਦੇ ਤੀਜੀ ਵਾਰ ਸੂਬੇ ਦੇ ਸੀ. ਐੱਮ. ਬਣੇ ਹਨ। ਰਾਜਪਾਲ ਵਜੂਭਾਈ ਵਾਲਾ ਨੇ ਰਾਜ ਭਵਨ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਯੇਦੀਯੁਰੱਪਾ ਨੂੰ ਅਹੁਦੇ ਦੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਚਿੱਟਾ ਸਫਾਰੀ ਸੂਟ ਪਾਈ ਅਤੇ ਹਰਾ ਸ਼ਾਲ ਲਈ ਯੇਦੀਯੁਰੱਪਾ ਨੇ ਈਸ਼ਵਰ ਤੇ ਕਿਸਾਨਾਂ ਦੇ ਨਾਂ 'ਤੇ ਕੰਨੜ ਭਾਸ਼ਾ 'ਚ ਸਹੁੰ ਚੁੱਕੀ। ਸਹੁੰ ਚੁੱਕਦਿਆਂ ਹੀ ਉਨ੍ਹਾਂ ਕਿਸਾਨਾਂ ਦਾ ਇਕ-ਇਕ ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ। ਮੰਤਰੀ ਮੰਡਲ ਦੇ ਹੋਰਨਾਂ ਮੈਂਬਰਾਂ ਦਾ ਸਹੁੰ ਚੁੱਕ ਸਮਾਰੋਹ ਬਾਅਦ 'ਚ ਹੋਵੇਗਾ। ਯੇਦੀਯੁਰੱਪਾ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।
ਸਹੁੰ ਚੁੱਕ ਸਮਾਰੋਹ ਸਮੇਂ ਭਾਜਪਾ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਮੁਰਲੀਧਰ ਰਾਓ, ਕੇਂਦਰੀ ਮੰਤਰੀ ਅਨੰਤ ਕੁਮਾਰ, ਪ੍ਰਕਾਸ਼ ਜਾਵਡੇਕਰ, ਧਰਮਿੰਦਰ ਪ੍ਰਧਾਨ, ਜੇ. ਪੀ. ਨੱਢਾ ਅਤੇ ਸਦਾਨੰਦ ਗੌੜਾ ਸਮੇਤ ਹੋਰ ਪ੍ਰਮੁੱਖ ਆਗੂ ਮੌਜੂਦ ਸਨ।
ਯੇਦੀਯੁਰੱਪਾ ਦੇ ਸਹੁੰ ਚੁੱਕ ਸਮਾਰੋਹ ਨੂੰ ਇਸ ਪੱਖੋਂ ਵੀ ਦਿਲਚਸਪ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਅਤੇ ਜਨਤਾ ਦਲ (ਐੱਸ.) ਨੇ ਬਹੁਮਤ ਦੇ ਅੰਕੜਿਆਂ ਪੱਖੋਂ ਭਾਜਪਾ ਦੇ ਪਿੱਛੇ ਹੋਣ ਦੇ ਬਾਵਜੂਦ ਰਾਜਪਾਲ ਵਲੋਂ ਉਸ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤੇ ਜਾਣ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਨਾਲ ਹੀ ਦੋਹਾਂ ਪਾਰਟੀਆਂ ਨੇ ਰਾਜਪਾਲ ਸਾਹਮਣੇ ਖੁਦ ਹੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।
ਸਹੁੰ ਚੁੱਕਣ ਪਿੱਛੋਂ ਯੇਦੀਯੁਰੱਪਾ ਵਿਧਾਨ ਸਭਾ ਅਤੇ ਸੂਬਾਈ ਸਕੱਤਰੇਤ ਵਿਖੇ ਵੀ ਗਏ ਅਤੇ ਮੁੱਖ ਮੰਤਰੀ ਵਜੋਂ ਆਪਣੇ ਦਫਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਪੌੜੀਆਂ 'ਤੇ ਮੱਥਾ ਟੇਕਿਆ।
ਭਰੋਸੇ ਦੀ ਵੋਟ ਹਾਸਲ ਕਰਨ ਦਾ ਮੈਨੂੰ ਪੂਰਾ ਭਰੋਸਾ, 15 ਦਿਨ ਨਹੀਂ ਉਡੀਕਾਂਗਾ
ਯੇਦੀਯੁਰੱਪਾ-ਨਵੇਂ ਮੁੱਖ ਮੰਤਰੀ ਯੇਦੀਯੁਰੱਪਾ ਨੇ ਕਿਹਾ ਕਿ ਉਨ੍ਹਾਂ ਨੂੰ 100 ਫੀਸਦੀ ਭਰੋਸਾ ਹੈ ਕਿ ਉਹ ਵਿਧਾਨ ਸਭਾ 'ਚ ਭਰੋਸੇ ਦੀ ਵੋਟ ਹਾਸਲ ਕਰ ਲੈਣਗੇ ਅਤੇ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨਗੇ। ਇਹ ਪੁੱਛਣ 'ਤੇ ਕਿ ਉਹ ਕਦੋਂ ਭਰੋਸੇ ਦੀ ਵੋਟ ਹਾਸਲ ਕਰਨਗੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਮੈਂ 15 ਦਿਨ ਦੀ ਉਡੀਕ ਨਹੀਂ ਕਰਾਂਗਾ। ਜਲਦੀ ਹੀ ਭਰੋਸੇ ਦੀ ਵੋਟ ਹਾਸਲ ਕਰਨ ਦਾ ਇਛੁੱਕ ਹਾਂ। ਉਨ੍ਹਾਂ ਵਿਧਾਇਕਾਂ ਨੂੰ ਅੰਤਰ ਆਤਮਾ ਦੀ ਆਵਾਜ਼ 'ਤੇ ਵੋਟ ਪਾਉਣ ਦੀ ਅਪੀਲ ਕੀਤੀ।
ਯੇਦੀਯੁਰੱਪਾ ਨੇ ਕਿਹਾ ਕਿ ਜਨਤਾ ਦਲ (ਐੱਸ) ਅਤੇ ਕਾਂਗਰਸ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਬੇਹੱਦ ਖਰਾਬ ਹਾਲਤ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕੋਲੋਂ ਮੋਬਾਇਲ ਫੋਨ ਖੋਹ ਲਏ ਗਏ ਹਨ ਅਤੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ।
ਯੇਦੀਯੁਰੱਪਾ 'ਇਕ ਦਿਨ ਦੇ ਮੁੱਖ ਮੰਤਰੀ'
ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਏ ਜਾਣ ਪਿੱਛੋਂ ਕਾਂਗਰਸ ਨੇ ਕਿਹਾ ਕਿ ਉਹ 'ਇਕ ਦਿਨ ਦੇ ਮੁੱਖ ਮੰਤਰੀ' ਹਨ। ਸ਼ੁੱਕਰਵਾਰ ਨੂੰ ਕਾਂਗਰਸ ਪੂਰੇ ਦੇਸ਼ 'ਚ 'ਪ੍ਰਜਾਤੰਤਰ ਬਚਾਓ' ਦਿਵਸ ਮਨਾਏਗੀ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੇਦੀਯੁਰੱਪਾ ਇਕ ਦਿਨ ਦੇ ਹੀ ਮੁੱਖ ਮੰਤਰੀ ਸਾਬਤ ਹੋਣਗੇ। ਸੁਪਰੀਮ ਕੋਰਟ ਨੇ ਯੇਦੀਯੁਰੱਪਾ ਵਲੋਂ ਰਾਜਪਾਲ ਨੂੰ ਦਿੱਤੀ ਗਈ ਚਿੱਠੀ ਸ਼ੁੱਕਰਵਾਰ ਸਵੇਰੇ 10.30 ਵਜੇ ਪੇਸ਼ ਕਰਨ ਲਈ ਕਿਹਾ ਹੈ। ਯੇਦੀਯੁਰੱਪਾ ਸਿਰਫ 104 ਵਿਧਾਇਕਾਂ ਦੀ ਹਮਾਇਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕਿਵੇਂ ਕਰ ਸਕਦੇ ਹਨ। ਉਨ੍ਹਾਂ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਯੇਦੀਯੁਰੱਪਾ ਨੂੰ ਚੁਣੌਤੀ ਦਿੱਤੀ ਕਿ ਉਹ ਸ਼ੁੱਕਰਵਾਰ ਨੂੰ ਹੀ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਕੇ ਦਿਖਾਉਣ।
ਗੋਆ 'ਚ ਸਿਆਸੀ ਹਲਚਲ : ਗੋਆ 'ਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ। ਇਸ ਮੰਤਵ ਲਈ ਕਾਂਗਰਸ ਦੇ ਇੰਚਾਰਜ ਚੇਲਾ ਕੁਮਾਰ ਗੋਆ ਚਲੇ ਗਏ ਹਨ। ਉਹ ਸ਼ੁੱਕਰਵਾਰ ਨੂੰ ਹੋਰਨਾਂ ਆਗੂਆਂ ਨਾਲ ਰਾਜਪਾਲ ਨੂੰ ਮਿਲਣਗੇ। ਲੋੜ ਪਈ ਤਾਂ ਕਾਂਗਰਸ ਆਪਣੇ ਵਿਧਾਇਕਾਂ ਦੀ ਗਵਰਨਰ ਹਾਊਸ ਵਿਖੇ ਪਰੇਡ ਵੀ ਕਰਵਾ ਸਕਦੀ ਹੈ।
ਗੋਆ ਕਾਂਗਰਸ ਦੇ ਨੇਤਾ ਯਤੀਸ਼ ਨਾਈਕ ਨੇ ਕਿਹਾ ਕਿ 2017 ਦੀਆਂ ਚੋਣਾਂ ਵਿਚ ਅਸੀਂ 17 ਸੀਟਾਂ ਜਿੱਤੀਆਂ ਸਨ। ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਸਾਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਸੀ ਪਰ ਰਾਜਪਾਲ ਨੇ 13 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਸੱਦਾ ਦੇ ਦਿੱਤਾ।
ਬਿਹਾਰ 'ਚ ਵੀ ਸਿਆਸੀ ਘਮਾਸਾਨ
ਕੁਝ ਇਸੇ ਤਰ੍ਹਾਂ ਦਾ ਸਿਆਸੀ ਘਮਾਸਾਨ ਬਿਹਾਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਸਾਬਕਾ ਉਪ ਮੁਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਰਾਜਪਾਲ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਵੀਰਵਾਰ ਕਿਹਾ ਕਿ ਸੂਬੇ ਵਿਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਰਾਜਦ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਮਣੀਪੁਰ 'ਚ ਇਬੋਬੀ ਸਿੰਘ ਨੇ ਦਾਅਵਾ ਠੋਕਿਆ : ਮਣੀਪੁਰ ਦੇ ਸਾਬਕਾ ਮੁੱਖ ਮੰਤਰੀ ਓਕਰਮ ਇਬੋਬੀ ਸਿੰਘ ਨੇ ਸੂਬੇ ਵਿਚ ਸਰਕਾਰ ਬਣਾਉਣ ਦਾ ਦਾਅਵਾ ਠੋਕਿਆ ਹੈ। ਉਨ੍ਹਾਂ ਕਿਹਾ ਕਿ ਮਣੀਪੁਰ 'ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ ਅਤੇ ਇਸ ਆਧਾਰ 'ਤੇ ਉਸ ਨੂੰ ਹੁਣ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਬੋਬੀ ਸਿੰਘ ਨੇ ਰਾਜਪਾਲ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਮੇਘਾਲਿਆ ਦੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਰਾਜਪਾਲ ਨਾਲ ਮੁਲਾਕਾਤ ਕਰਨ ਵਾਲੇ ਹਨ।
ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ ਮਹਿਲਾ ਨਾਮਜ਼ਦ
NEXT STORY