ਬਿਊਨਸ ਆਇਰਸ- ਆਪਣੇ ਭਰੋਸੇਮੰਦ ਖਿਡਾਰੀ ਲਿਓਨਿਲ ਮੇਸੀ ਦੀ ਜ਼ਬਰਦਸਤ ਹੈਟ੍ਰਿਕ ਦੀ ਬਦੌਲਤ ਅਰਜਨਟੀਨਾ ਨੇ ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਅਭਿਆਸ ਮੈਚ ਵਿਚ ਇੱਥੇ ਹੈਤੀ ਵਿਰੁੱਧ 4-0 ਨਾਲ ਇਕਤਰਫਾ ਜਿੱਤ ਦਰਜ ਕਰ ਲਈ। ਬਾਰਸੀਲੋਨਾ ਫਾਰਵਰਡ ਨੇ ਆਪਣੇ ਇਸ ਪ੍ਰਦਰਸ਼ਨ ਨਾਲ ਫਿਰ ਤੋਂ ਸਾਬਤ ਕੀਤਾ ਹੈ ਕਿ ਉਸ ਦੀ ਟੀਮ ਅਰਜਨਟੀਨਾ ਉਸ 'ਤੇ ਕਿਸ ਲਈ ਭਰੋਸਾ ਕਰਦੀ ਹੈ। ਮੇਸੀ ਨੇ ਮੈਚ ਦੇ 17ਵੇਂ ਮਿੰਟ ਵਿਚ ਹੀ ਪੈਨਲਟੀ ਸਪਾਟ ਨਾਲ ਪਹਿਲਾ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਅਰਜਨਟੀਨਾ ਖਿਡਾਰੀ ਨੇ ਦੂਜੇ ਹਾਫ ਵਿਚ 12 ਮਿੰਟ ਬਾਅਦ ਹੀ ਦੂਜਾ ਗੋਲ ਕਰਦੇ ਹੋਏ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।
ਦਬਾਅ ਵਿਚ ਆ ਚੁੱਕੀ ਹੈਤੀ ਵਿਰੁੱਧ ਫਿਰ 65ਵੇਂ ਮਿੰਟ ਵਿਚ ਮੇਸੀ ਨੇ ਤੀਜਾ ਗੋਲ ਕਰਦੇ ਹੋਏ ਮੈਚ ਵਿਚ ਆਪਣੀ ਹੈਟ੍ਰਿਕ ਵੀ ਪੂਰੀ ਕਰ ਲਈ। ਵਿਰੋਧੀ ਟੀਮ ਇਸ ਤੋਂ ਸੰਭਲ ਪਾਉਂਦੀ ਕਿ ਸਰਜੀਓ ਐਗੁਏਰੋ ਨੇ ਦੋ ਮਿੰਟ ਬਾਅਦ ਹੀ ਅਰਜਨਟੀਨਾ ਦਾ ਸਕੋਰ 4-0 ਕਰ ਦਿੱਤਾ।
ਮੈਚ ਵਿਚ ਅਰਜਨਟੀਨਾ ਦੇ ਸਭ ਤੋਂ ਤਜ਼ਰੇਬਕਾਰ ਖਿਡਾਰੀ ਜੇਵੀਅਰ ਜਾਨੇਟੀ ਦੇ ਰਿਕਾਰਡ ਨੂੰ ਤੋੜਦੇ ਹੋਏ ਜੇਵੀਅਰ ਮਾਸ਼ੋਰਾਨੋ ਨੇ ਆਪਣੀ ਟੀਮ ਲਈ 143ਵੇਂ ਮੈਚ ਵਿਚ ਉਤਰਨ ਦੇ ਨਾਲ ਹੀ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਵੀ ਬਣਾਇਆ। ਅਰਜਨਟੀਨਾ ਦੀ ਟੀਮ ਇਸ ਤੋਂ ਬਾਅਦ ਹਾਲਾਂਕਿ ਹੋਰ ਗੋਲ ਨਹੀਂ ਕਰ ਸਕੀ। ਹੈਤੀ ਨੇ ਆਖਰੀ ਤੇ ਇਕਲੌਤੀ ਵਾਰ ਸਾਲ 1974 ਵਿਚ ਵਿਸ਼ਵ ਕੱਪ ਵਿਚ ਮੌਜੂਦਗੀ ਦਰਜ ਕਰਵਾਈ ਸੀ ਤੇ ਫਿਲਹਾਲ ਵਿਸ਼ਵ ਵਿਚ 108ਵੀਂ ਰੈਂਕਿੰਗ 'ਤੇ ਹੈ।
30 ਮਈ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY